‘ਦ ਖ਼ਾਲਸ ਬਿਊਰੋ (ਬਨਵੈਤ / ਪੁਨੀਤ ਕੌਰ) :- ਸਿੱਖਿਆ ਵਿਭਾਗ ਵਿੱਚ ਮਾਸਟਰਾਂ ਦੀਆਂ ਬਦਲੀਆਂ ਨੂੰ ਲੈ ਕੇ ਹਮੇਸ਼ਾ ਅਣਬਣ ਹੀ ਚੱਲਦੀ ਰਹੀ ਹੈ। ਕਦੇ ਪੈਸੇ ਲੈ ਕੇ ਬਦਲੀ ਕਰਨ ਦੇ ਦੋਸ਼ ਲੱਗਦੇ ਰਹੇ ਅਤੇ ਕਦੇ ਚਹੇਤਿਆਂ ਨੂੰ ਮਰਜ਼ੀ ਦੇ ਸਟੇਸ਼ਨ ਦੇਣ ਦੇ ਇਲਜ਼ਾਮ। ਪਿਛਲੇ ਸਮੇਂ ਦੌਰਾਨ ਉਸ ਵੇਲੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਤਬਾਦਲਿਆਂ ਦਾ ਕੰਮ ਕੰਪਿਊਟਰ ਨੂੰ ਸੌਂਪ ਦਿੱਤਾ ਸੀ। ਪੰਜਾਬ ਵਿੱਚ ਸਰਕਾਰ ਪਲਟਣ ਨਾਲ ਕ੍ਰਿਸ਼ਨ ਕੁਮਾਰ ਅਤੇ ਕੰਪਿਊਟਰ ਦੋਵਾਂ ਦਾ ਯੁੱਗ ਖ਼ਤਮ ਹੋ ਗਿਆ ਹੈ। ਅਗਲੇ ਹਫ਼ਤੇ ਤੋਂ ਅਧਿਆਪਕਾਂ ਦੇ ਤਬਾਦਲਿਆਂ ਵਿੱਚ ਨਾ ਮੰਤਰੀ ਦੀ ਚੱਲੇਗੀ ਅਤੇ ਨਾ ਹੀ ਮੁੱਖ ਮੰਤਰੀ ਦੀ, ਸਗੋਂ ਅਧਿਆਪਕ ਆਪਣੀ ਪਸੰਦ ਦਾ ਸਟੇਸ਼ਨ ਲੈ ਸਕਣਗੇ। ਸਿੱਖਿਆ ਸਕੱਤਰ ਦੀ ਮਨ-ਮਰਜ਼ੀ ਤਾਂ ਦੂਰ ਦੀ ਗੱਲ ਹੋਵੇਗੀ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪਿਛਲੇ ਦਿਨੀਂ ਅਧਿਆਪਕਾਂ ਦੀਆਂ ਬਦਲੀਆਂ ਉਨ੍ਹਾਂ ਦੇ ਘਰਾਂ ਦੇ ਨੇੜੇ ਪੈਂਦੇ ਸਕੂਲਾਂ ਵਿੱਚ ਕਰਨ ਦਾ ਐਲਾਨ ਕਰ ਦਿੱਤਾ ਸੀ ਪਰ ਅਗਲੇ ਹਫ਼ਤੇ ਤੋਂ ਬਦਲੀਆਂ ਸ਼ੁਰੂ ਹੋ ਜਾਣਗੀਆਂ। ਜਿਹੜੇ ਅਧਿਆਪਰ ਆਪਣੇ ਘਰਾਂ ਦੇ ਨੇੜੇ ਤਬਾਦਲਾ ਕਰਾਉਣਾ ਚਾਹੁੰਦੇ ਹਨ, ਉਨ੍ਹਾਂ ਦੀ ਇੱਛਾ ਪੂਰੀ ਕੀਤੀ ਜਾਵੇਗੀ। ਸਾਬਕਾ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਅਧਿਆਪਕਾਂ ਨੂੰ ਸਰਹੱਦ ਨਾਲ ਪੈਂਦੇ ਸਕੂਲਾਂ ਵਿੱਚ ਚੱਕ ਕੇ ਮਾਰਨ ਦੀ ਧਮਕੀ ਖਤਮ ਹੋ ਗਈ ਹੈ। ਮੁੱਖ ਮੰਤਰੀ ਚੰਨੀ ਨੇ ਇਤਰਾਜ਼ ਜਾਹਿਰ ਕੀਤਾ ਹੈ ਕਿ ਅਧਿਆਪਕ ਆਪਣੇ ਘਰਾਂ ਦੇ ਨੇੜੇ ਡਿਊਟੀ ਦੇਣ ਦੀ ਥਾਂ ਦੋ-ਢਾਈ ਸੌ ਕਿਲੋਮੀਟਰ ਸਰਹੱਦੀ ਇਲਾਕਿਆਂ ਵਿੱਚ ਬੰਨ੍ਹੇ ਹੋਏ ਹਨ, ਜਿਸ ਨਾਲ ਅਧਿਆਪਕ ਆਪਣੇ ਪ੍ਰੋਫੈਸ਼ਨ ਨਾਲ ਇਨਸਾਫ਼ ਨਹੀਂ ਕਰ ਸਕਦੇ। ਸਿੱਖਿਆ ਵਿਭਾਗ ਦੀ ਪਿਛਲੀ ਨੀਤੀ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਘਰਾਂ ਤੋਂ ਦੂਰ ਬੈਠੇ ਅਧਿਆਪਕ ਠੀਕ ਢੰਗ ਨਾਲ ਵਿਦਿਆਰਥੀਆਂ ਨੂੰ ਪੜ੍ਹਾ ਨਹੀਂ ਸਕਦੇ ਅਤੇ ਉਨ੍ਹਾਂ ਦਾ ਪਰਿਵਾਰ ਵੱਖਰੀ ਪਰੇਸ਼ਾਨੀ ਝੇਲਦਾ ਹੈ। ਇਸ ਤਰ੍ਹਾਂ ਕੰਪਿਊਟਰ ਦੇ ਯੁੱਗ ਦਾ ਖਾਤਮਾ ਕਰਦਿਆਂ ਉਨ੍ਹਾਂ ਨੇ ਬਦਲੀਆਂ ਦਾ ਕੰਮ ਮਾਸਟਰਾਂ ਅਤੇ ਸਰਕਾਰ ਦੀ ਰਜ਼ਾਮੰਦੀ ‘ਤੇ ਛੱਡ ਦਿੱਤਾ ਹੈ।
ਦੱਸ ਦਈਏ ਕਿ ਸਿੱਖਿਆ ਵਿਭਾਗ ਵੱਲੋਂ ਪਿਛਲੇ ਚਾਰ ਸਾਲਾਂ ਤੋਂ ਕੀਤੀ ਜਾ ਰਹੀ ਭਰਤੀ ਦੌਰਾਨ ਇਹ ਸ਼ਰਤ ਲਾਈ ਜਾਂਦੀ ਹੈ ਕਿ ਨਿਯੁਕਤੀ ਦੇ ਪਹਿਲੇ ਤਿੰਨ ਸਾਲ ਹਰ ਅਧਿਆਪਕ ਨੂੰ ਸਰਹੱਦੀ ਇਲਾਕੇ ਦੀ ਡਿਊਟੀ ਦੇਣੀ ਪਵੇਗੀ। ਪਿਛਲੇ ਸਾਲਾਂ ਦੌਰਾਨ ਹੋਈਆਂ ਨਿਯੁਕਤੀਆਂ ਵਿੱਚ ਲਗਭਗ ਸਾਰੇ ਅਧਿਆਪਕਾਂ ਨੂੰ ਘਰਾਂ ਤੋਂ ਦੂਰ ਬਾਰਡਰ ਏਰੀਆ ਵਿੱਚ ਸੁੱਟ ਰੱਖਿਆ ਸੀ। ਪਿਛਲੀ ਅਕਾਲੀ ਭਾਜਪਾ ਸਰਕਾਰ ਵੱਲੋਂ ਤਾਂ ਅਧਿਆਪਕਾਂ ਦਾ ਇੱਕ ਵੱਖਰਾ ਬਾਰਡਰ ਏਰੀਆ ਕੇਡਰ ਬਣਾਉਣ ਦਾ ਪ੍ਰਸਤਾਵ ਵੀ ਤਿਆਰ ਕੀਤਾ ਗਿਆ ਸੀ। ਸੂਤਰ ਦੱਸਦੇ ਹਨ ਕਿ ਚਰਨਜੀਤ ਸਿੰਘ ਚੰਨੀ ਮੰਤਰੀ ਹੁੰਦਿਆਂ ਆਪਣੀ ਜਾਣ-ਪਛਾਣ ਵਿੱਚ ਪੈਂਦੀ ਇੱਕ ਲੜਕੀ ਦਾ ਸਰਹੱਦੀ ਏਰੀਆ ਤੋਂ ਤਬਾਦਲਾ ਉਸਦੇ ਘਰ ਕੋਲ ਕਰਾਉਣਾ ਚਾਹੁੰਦੇ ਸਨ ਪਰ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ, ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਅਤੇ ਕੰਪਿਊਟਰ ਨੇ ਕੰਨ ਨਾ ਧਰਿਆ। ਮੁੱਖ ਮੰਤਰੀ ਸਿੱਖਿਆ ਵਿਭਾਗ ਦੇ ਸਿਸਟਮ ਨੂੰ ਲੀਹ ‘ਤੇ ਲਿਆਉਣ ਦੀ ਠਾਣ ਬੈਠੇ ਹਨ। ਉਨ੍ਹਾਂ ਨੇ ਬਦਲੀਆਂ ਤੋਂ ਬਿਨਾਂ ਸਿੱਖਿਆ ਵਿਭਾਗ ਨੂੰ ਓਵਰ ਹੱਲ ਕਰਨ ਲਈ ਆਪ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਅਧਿਆਪਕਾਂ ਦੇ ਤਬਾਦਲੇ ਖੋਲ੍ਹ ਦਿੱਤੇ ਹਨ। ਹੁਣ ਤਬਾਦਲੇ ਕੰਪਿਊਟਰ ਨਹੀਂ, ਸਰਕਾਰ ਜਾਂ ਮਾਸਟਰ ਰਲ ਕੇ ਕਰਨਗੇ।
ਚਰਚਾ ਤਾਂ ਇਹ ਵੀ ਹੈ ਕਿ ਸਿੱਖਿਆ ਵਿਭਾਗ ਤੋਂ ਫਾਰਖ ਕੀਤੇ ਗਏ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਤਬਾਦਲੇ ਦੇ ਮਾਮਲੇ ਵਿੱਚ ਕਿਸੇ ਦੀ ਸੁਣਦੇ ਨਹੀਂ ਸਨ। ਬਹੁਤ ਵਾਰ ਤਾਂ ਇਹ ਆਪਣੇ ਸਾਥੀਆਂ ਨੂੰ ਵੀ ਨਾਂਹ ਕਰਦੇ ਰਹੇ ਹਨ। ਇਸ ਕਰਕੇ ਵੱਡੀ ਗਿਣਤੀ ਵਿੱਚ ਵਿਧਾਇਕ ਅਤੇ ਮੰਤਰੀ ਉਨ੍ਹਾਂ ਦੇ ਨਾਲ ਨਾਰਾਜ਼ ਰਹਿੰਦੇ ਸਨ। ਇੱਥੇ ਇਹ ਦੱਸ ਦੇਣਾ ਵੀ ਵਾਜਬ ਹੋਵੇਗਾ ਕਿ ਕੈਪਟਨ ਸਰਕਾਰ ਬਣਨ ਤੋਂ ਬਾਅਦ ਸਿੱਖਿਆ ਵਿਭਾਗ ਚਾਹੇ ਕੈਬਨਿਟ ਮੰਤਰੀ ਅਰੁਣਾ ਚੌਧਰੀ ਕੋਲ ਰਿਹਾ ਹੋਵੇ ਜਾਂ ਓਮ ਪ੍ਰਕਾਸ਼ ਸੋਨੀ ਕੋਲ ਅਤੇ ਜਾਂ ਫਿਰ ਵਿਜੈ ਇੰਦਰ ਸਿੰਗਲਾ ਕੋਲ, ਵਿਭਾਗ ਨੇ ਸਾਬਕਾ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਹੀ ਧੂਈ ਫਿਰਦਾ ਰਿਹਾ ਹੈ। ਕ੍ਰਿਸ਼ਨ ਕੁਮਾਰ ਦੀਆਂ ਮਨਮਾਨੀਆਂ ਦਾ ਖਮਿਆਜ਼ਾ ਕਾਂਗਰਸ ਪਾਰਟੀ ਨੂੰ ਅਗਲੀਆਂ ਚੋਣਾਂ ਵਿੱਚ ਮਹਿੰਗਾ ਪੈ ਸਕਦਾ ਸੀ ਪਰ ਮੁੱਖ ਮੰਤਰੀ ਚੰਨੀ ਨੇ ਪਹਿਲਾਂ ਕ੍ਰਿਸ਼ਨ ਕੁਮਾਰ ਦਾ ਤਬਾਦਲਾ ਕਰਕੇ ਹੁਣ ਬਦਲੀਆਂ ਦਾ ਕੰਮ ਮਾਸਟਰਾਂ ਹੱਥ ਦੇ ਕੇ ਉਹਨਾਂ ਨੂੰ ਮੋਹ ਲਿਆ ਹੈ। ਸਕੂਲ ਸਿੱਖਿਆ ਮੰਤਰੀ ਪ੍ਰਗਟ ਸਿੰਘ ਦੀ ਵਿਭਾਗ ਦੀ ਗੱਡੀ ਤੇਜ਼ੀ ਨਾਲ ਰੇੜਨ ਲੱਗੇ ਹਨ।