Punjab

ਛੇ ਘੰਟੇ ਬੰਦ, ਬਹਿ ਗਿਆ ਫੇਸਬੁੱਕ ਵਾਲਿਆਂ ਦਾ ਭੱਠਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਬੀਤੀ ਰਾਤ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ, ਇੰਸਟਾਗ੍ਰਾਮ ਅਤੇ ਵਟਸਐਪ ਦੀਆਂ ਸੇਵਾਵਾਂ ਲੱਗਭਗ 6 ਘੰਟੇ ਬੰਦ ਰਹੀਆਂ ਹਨ। ਅਚਾਨਕ ਸੇਵਾਵਾਂ ਬੰਦ ਹੋਣ ਨਾਲ ਲੋਕ ਇਕ ਪਾਸੇ ਹੈਰਾਨ ਰਹਿ ਗਏ ਤੇ ਦੂਜੇ ਪਾਸੇ ਕੰਪਨੀ ਵੱਡੇ ਆਰਥਿਕ ਘਾਟੇ ਵਿੱਚ ਗਰਕ ਗਈ। ਇਸ ਦੌਰਾਨ ਇਹਨਾਂ ਸੇਵਾਵਾਂ ਦੀ ਵਰਤੋਂ ਕਰਨ ਵਾਲਿਆਂ ਨੂੰ ਦੇਰ ਰਾਤ ਤੱਕ ਵੀ ਸਮਝ ਨਹੀਂ ਆਇਆ ਕਿ ਆਖਿਰ ਕੀ ਹੋਇਆ ਹੈ, ਹਾਲਾਂਕਿ ਖਬਰਾਂ ਵਿੱਚ ਜਰੂਰ ਫੇਸਬੁੱਕ ਨੇ ਇਸ ਬੰਦ ਉੱਤੇ ਖੇਦ ਜਾਹਿਰ ਕੀਤਾ ਤੇ ਸਰਵਰ ਡਾਊਨ ਹੋਣ ਦੀ ਗੱਲ ਕਹੀ।

ਜ਼ਿਕਰਯੋਗ ਹੈ ਕਿ ਸੋਮਵਾਰ ਰਾਤ ਨੂੰ ਫੇਸਬੁੱਕ ਦੀ ਮਾਲਕੀ ਵਾਲੇ ਤਿੰਨਾਂ ਐਪਾਂ ਦੇ 6 ਘੰਟੇ ਬੰਦ ਰਹਿਣ ਨਾਲ ਲੋਕਾਂ ਵਿੱਚ ਹਾਹਾਕਾਰ ਮਚ ਗਈ ਸੀ। ਕਈ ਲੋਕਾਂ ਦੇ ਜਰੂਰੀ ਕੰਮ ਵੀ ਵਹਟਸਐਪ ਰਾਹੀਂ ਹੁੰਦੇ ਹਨ ਤੇ ਕਈ ਲੋਕਾਂ ਲਈ ਇਹ ਵਕਤ ਕਟੀ ਦਾ ਜਰੀਆ ਹੈ। ਪਰ ਜਿੱਥੇ ਲੋਕ ਥੋੜ੍ਹਾ ਚਿਰ ਪਰੇਸ਼ਾਨ ਰਹਿ ਕੇ ਫਿਰ ਠੀਕ ਹੋ ਗਏ ਹਨ, ਉੱਥੇ ਫੇਸਬੁੱਕ ਨੂੰ ਇਸ ਬੰਦ ਨੇ ਵੱਡਾ ਆਰਥਿਕ ਘਾਟਾ ਪਾਇਆ ਹੈ।

ਜਾਣਕਾਰੀ ਅਨੁਸਾਰ ਇਸ ਨਾਲ 7 ਅਰਬ ਡਾਲਰ ਯਾਨੀ ਕਿ 52, 100 ਕਰੋੜ ਰੁਪਏ ਦਾ ਵੱਡਾ ਘਾਟਾ ਪਿਆ ਹੈ, ਜਦੋਂ ਕਿ ਫੇਸਬੁੱਕ ਦੇ ਸ਼ੇਅਰਾਂ ਵਿੱਚ ਵੀ 5 ਫੀਸਦੀ ਦੀ ਵੱਡੀ ਗਿਰਾਵਟ ਆ ਗਈ ਹੈ।

ਦੱਸ ਦਈਏ ਕਿ ਫੇਸਬੁੱਕ ਵਿੱਚ ਇਸ ਤਰ੍ਹਾਂ ਦੀ ਤਕਨੀਕੀ ਸਮੱਸਿਆ ਸਾਲ 2008 ਵਿੱਚ ਵੀ ਆਈ ਸੀ। ਉਸ ਸਮੇਂ ਵਾਈਰਸ ਕਾਰਨ ਫੇਸਬੁੱਕ ਦੀ ਸਾਈਟ 24 ਘੰਟੇ ਲਈ ਬੰਦ ਰਹੀ ਸੀ। ਇਹਨਾਂ ਦੇ ਬੰਦ ਹੋਣ ਤੋਂ ਬਾਅਦ ਲੋਕਾਂ ਨੇ ਤੁਰੰਤ ਟਵਿੱਟਰ ‘ਤੇ ਪ੍ਰਤੀਕਿਰਿਆਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ।