‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੂੰ ਉਨ੍ਹਾਂ ਦੇ ਬਿਆਨ ਦਾ ਟਵੀਟ ਦੇ ਜ਼ਰੀਏ ਜਵਾਬ ਦਿੱਤਾ ਗਿਆ ਹੈ। ਕੈਪਟਨ ਨੇ ਪਲਟਵਾਰ ਕਰਦਿਆਂ ਹਰੀਸ਼ ਰਾਵਤ ਦੇ ਉਸ ਬਿਆਨ ਨੂੰ ਝੂਠ ਦਾ ਪੁਲੰਦਾ ਕਰਾਰ ਦਿੱਤਾ ਕਿ ਉਨ੍ਹਾਂ (ਕੈਪਟਨ) ਨੇ ਚਰਨਜੀਤ ਚੰਨੀ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ। ਕੈਪਟਨ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੇ ਮੈਨੂੰ ਫੋਨ ਕੀਤਾ ਸੀ ਅਤੇ ਸਹੁੰ ਚੁੱਕਣ ਤੋਂ ਬਾਅਦ ਮੈਨੂੰ ਮਿਲਣ ਲਈ ਆਉਣਾ ਸੀ ਪਰ ਆਏ ਨਹੀਂ।
ਉਹਨਾਂ ਕਿਹਾ ਕਿ ਦੋ ਵਾਰ ਮੁੱਖ ਮੰਤਰੀ ਵਜੋਂ ਅਤੇ ਤਿੰਨ ਵਾਰ ਪ੍ਰਦੇਸ਼ ਕਾਂਗਰਸ ਪ੍ਰਧਾਨ ਵਜੋਂ ਮੈਂ ਪ੍ਰਣਾਬ ਮੁਖਰਜੀ , ਮੋਤੀ ਲਾਲ ਵੋਹਰਾ ਤੇ ਹੋਰ ਆਗੂਆਂ ਨਾਲ ਕੰਮ ਕੀਤਾ ਪਰ ਕਦੇ ਕੋਈ ਮੁਸ਼ਕਿਲ ਨਹੀਂ ਆਈ। ਮੈਨੂੰ ਹਰੀਸ਼ ਰਾਵਤ ਦੇ ਕੰਮਕਾਜ ਦਾ ਤਰੀਕਾ ਸਮਝ ਨਹੀਂ ਆਇਆ।
ਕੈਪਟਨ ਨੇ ਕਿਹਾ ਕਿ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਤਿੰਨ ਹਫ਼ਤੇ ਪਹਿਲਾਂ ਉਨ੍ਹਾਂ ਨੇ ਸੋਨੀਆ ਗਾਂਧੀ ਨੂੰ ਆਪਣੇ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਸੀ ਪਰ ਉਨ੍ਹਾਂ ਨੇ ਮੈਨੂੰ ਅਹੁਦੇ ‘ਤੇ ਬਣੇ ਰਹਿਣ ਲਈ ਕਿਹਾ ਸੀ। ਸੀਐੱਲਪੀ ਦੀ ਮੀਟਿੰਗ ਤੋਂ ਕੁੱਝ ਘੰਟੇ ਪਹਿਲਾਂ ਉਨ੍ਹਾਂ ਨੂੰ ਅਪਮਾਨਜਨਕ ਤਰੀਕੇ ਨਾਲ ਅਸਤੀਫ਼ਾ ਦੇਣ ਲਈ ਮਜ਼ਬੂਰ ਕੀਤਾ ਗਿਆ।
ਕੈਪਟਨ ਨੇ ਟਿੱਪਣੀ ਕਰਦਿਆਂ ਕਿਹਾ, “ਦੁਨੀਆ ਨੇ ਮੇਰੇ ਨਾਲ ਹੋਈ ਬੇਇਜ਼ਤੀ ਨੂੰ ਵੇਖਿਆ ਅਤੇ ਫਿਰ ਵੀ ਰਾਵਤ ਇਸਦੇ ਉਲਟ ਦਾਅਵੇ ਕਰ ਰਹੇ ਹਨ।” ਜੇ ਇਹ ਬੇਇਜ਼ਤੀ ਨਹੀਂ ਸੀ ਤਾਂ ਹੋਰ ਕੀ ਸੀ? ਇਸਦੀ ਇਜਾਜ਼ਤ ਕਿਉਂ ਦਿੱਤੀ ਗਈ? ਸਿੱਧੂ ਦੀ ਅਗਵਾਈ ਵਿੱਚ ਵਿਰੋਧੀਆਂ ਨੂੰ ਮੇਰੇ ਅਧਿਕਾਰ ਨੂੰ ਘੱਟ ਕਰਨ ਲਈ ਖੁੱਲ੍ਹੀ ਛੋਟ ਕਿਉਂ ਦਿੱਤੀ? ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦੀ ਹਾਲਤ ਤਰਸਯੋਗ ਹੈ। ਹੁਣ ਪੰਜਾਬ ਵਿੱਚ ਕਾਂਗਰਸ ਬੈਕਫੁੱਟ ‘ਤੇ ਹੈ।
ਸਾਬਕਾ ਮੁੱਖ ਮੰਤਰੀ ਨੇ ਹਰੀਸ਼ ਰਾਵਤ ਨੂੰ ਉਸ ਬਿਆਨ ਦੀ ਯਾਦ ਦਿਵਾਈ ਜਦੋਂ ਪੰਜਾਬ ਕਾਂਗਰਸ ਇੰਚਾਰਜ ਨੇ 1 ਸਤੰਬਰ ਨੂੰ ਕਿਹਾ ਸੀ ਕਿ 2022 ਦੀਆਂ ਚੋਣਾਂ ਉਨ੍ਹਾਂ ਦੀ (ਕੈਪਟਨ ਅਮਰਿੰਦਰ ਦੀ) ਅਗਵਾਈ ਹੇਠ ਲੜੀਆਂ ਜਾਣਗੀਆਂ ਅਤੇ ਹਾਈਕਮਾਨ ਦਾ ਉਨ੍ਹਾਂ ਦੀ ਜਗ੍ਹਾ ਕਿਸੇ ਹੋਰ ਨੂੰ ਦੇਣ ਦਾ ਕੋਈ ਇਰਾਦਾ ਨਹੀਂ ਸੀ। ਉਨ੍ਹਾਂ ਸਵਾਲ ਕੀਤਾ ਕਿ ਕਾਂਗਰਸ ਇੰਚਾਰਜ ਹੁਣ ਕਿਵੇਂ ਦਾਅਵਾ ਕਰ ਸਕਦੇ ਹਨ ਕਿ ਪਾਰਟੀ ਲੀਡਰਸ਼ਿਪ ਮੇਰੇ ਤੋਂ ਅਸੰਤੁਸ਼ਟ ਸੀ ਅਤੇ ਜੇ ਉਹ ਸੱਚੀ ਅਸੰਤੁਸ਼ਟ ਸਨ ਤਾਂ ਉਨ੍ਹਾਂ ਨੇ ਮੈਨੂੰ ਜਾਣ-ਬੁੱਝ ਕੇ ਹਨੇਰੇ ਵਿੱਚ ਕਿਉਂ ਰੱਖਿਆ?”
ਰਾਵਤ ਦੀ ਟਿੱਪਣੀ ਜਿਸ ਵਿੱਚ ਉਨ੍ਹਾਂ ਕਿਹਾ ਕਿ ਕੈਪਟਨ ਦਬਾਅ ਹੇਠ ਹਨ, ਕੈਪਟਨ ਨੇ ਕਿਹਾ ਕਿ ਉਨ੍ਹਾਂ ਉੱਤੇ ਪਿਛਲੇ ਕੁੱਝ ਮਹੀਨਿਆਂ ਤੋਂ ਸਿਰਫ਼ ਕਾਂਗਰਸ ਪ੍ਰਤੀ ਵਫਾਦਾਰੀ ਦਾ ਦਬਾਅ ਸੀ, ਜਿਸ ਕਾਰਨ ਉਹ ਬੇਇੱਜ਼ਤੀ ਤੋਂ ਬਾਅਦ ਬੇਇੱਜ਼ਤੀ ਨੂੰ ਬਰਦਾਸ਼ਤ ਕਰਦੇ ਰਹੇ। ਜੇ ਪਾਰਟੀ ਦਾ ਮੈਨੂੰ ਬੇਇੱਜ਼ਤ ਕਰਨ ਦਾ ਇਰਾਦਾ ਨਹੀਂ ਸੀ ਤਾਂ ਨਵਜੋਤ ਸਿੰਘ ਸਿੱਧੂ ਨੂੰ ਸੋਸ਼ਲ ਮੀਡੀਆ ਅਤੇ ਹੋਰ ਜਨਤਕ ਪਲੇਟਫਾਰਮਾਂ ‘ਤੇ ਮਹੀਨਿਆਂ ਤੱਕ ਮੇਰੀ ਖੁੱਲ੍ਹ ਕੇ ਆਲੋਚਨਾ ਕਰਨ ਅਤੇ ਹਮਲਾ ਕਰਨ ਦੀ ਇਜਾਜ਼ਤ ਕਿਉਂ ਦਿੱਤੀ ਗਈ? ਕੈਪਟਨ ਅਮਰਿੰਦਰ ਨੇ ਪੁੱਛਿਆ ਕਿ ਕਾਂਗਰਸ ਸਿੱਧੂ ਦੀਆਂ ਅਜੇ ਵੀ ਸ਼ਰਤਾਂ ਕਿਉਂ ਮੰਨ ਰਹੀ ਹੈ?
ਰਾਵਤ ਦੀ ਆਪਣੀ ਧਰਮ ਨਿਰਪੱਖ ਪ੍ਰਮਾਣ-ਪੱਤਰਾਂ ਬਾਰੇ ਟਿੱਪਣੀ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਆਲੋਚਕ ਅਤੇ ਦੁਸ਼ਮਣ ਵੀ ਇਸ ਸਬੰਧ ਵਿੱਚ ਉਨ੍ਹਾਂ ਦੀ ਇਮਾਨਦਾਰੀ ‘ਤੇ ਸ਼ੱਕ ਨਹੀਂ ਕਰ ਸਕਦੇ। ਪਰ ਮੈਂ ਹੁਣ ਇਸ ਗੱਲ ਤੋਂ ਹੈਰਾਨ ਨਹੀਂ ਹਾਂ ਕਿ ਰਾਵਤ ਵਰਗੇ ਸੀਨੀਅਰ ਅਤੇ ਤਜਰਬੇਕਾਰ ਕਾਂਗਰਸੀ ਨੇਤਾ ਮੇਰੇ ਧਰਮ ਨਿਰਪੱਖ ਪ੍ਰਮਾਣ-ਪੱਤਰਾਂ ਉੱਤੇ ਸਵਾਲ ਉਠਾ ਰਹੇ ਹਨ। ਇਹ ਬਿਲਕੁਲ ਸਾਫ ਹੈ ਕਿ ਹੁਣ ਮੈਂ ਪਾਰਟੀ ਵਿੱਚ ਭਰੋਸੇਯੋਗ ਅਤੇ ਸਤਿਕਾਰਯੋਗ ਨਹੀਂ ਰਿਹਾ ਕਿ ਮੈਂ ਇਨ੍ਹਾਂ ਸਾਰੇ ਸਾਲਾਂ ਵਿੱਚ ਵਫ਼ਾਦਾਰੀ ਨਾਲ ਸੇਵਾ ਕੀਤੀ ਹੈ।
ਰਾਵਤ ਦੀ ਇਸ ਟਿੱਪਣੀ ਨੂੰ ਕੈਪਟਨ ਨੇ ਸਿਰੇ ਤੋਂ ਖਾਰਿਜ ਕੀਤਾ, ਜਿਸ ਵਿੱਚ ਉਨ੍ਹਾਂ ਕਿਹਾ ਕਿ ‘ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਅਪਮਾਨ ਹੋਣ ਦਾ ਪ੍ਰਚਾਰ ਕਰ ਰਹੇ ਹਨ’। ਚੋਣ ਵਾਅਦਿਆਂ ਨੂੰ ਲਾਗੂ ਕਰਨ ਦੀ ਗੱਲ ਬਾਰੇ ਬੋਲਦਿਆਂ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਰਾਵਤ ਵੱਲੋਂ ਕੀਤੇ ਜਾ ਰਹੇ ਬੇ-ਬੁਨਿਆਦ ਝੂਠੇ ਬਿਆਨ ਦੇ ਉਲਟ ਉਨ੍ਹਾਂ ਨੇ 2017 ਦੇ ਚੋਣ ਮੈਨੀਫੈਸਟੋ ਵਿੱਚ ਕੀਤੇ ਵਾਅਦਿਆਂ ਵਿੱਚੋਂ ਲਗਭਗ 90 ਫੀਸਦੀ ਪੂਰੇ ਕੀਤੇ ਸਨ।