Punjab

ਆਹ ਤਿੰਨ ਬੰਦਿਆਂ ਕਰਕੇ ਸਿੱਧੂ ਨੂੰ ਦੇਣੀ ਪਈ “ਕੁਰਬਾਨੀ”

‘ਦ ਖ਼ਾਲਸ ਬਿਊਰੋ (ਬਨਵੈਤ / ਪੁਨੀਤ ਕੌਰ) :- ਬੜਬੋਲੇ ਸਿਆਸੀ ਨੇਤਾ ਨਵਜੋਤ ਸਿੰਘ ਸਿੱਧੂ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਦਿੱਤੇ ਅਸਤੀਫ਼ੇ ਦੇ ਅਸਲ ਕਾਰਨਾਂ ਬਾਰੇ ਅਟਕਲਾਂ ਜਾਰੀ ਹਨ। ਕਈ ਘਾਗ ਪੱਤਰਕਾਰਾਂ ਨੇ ਅੰਦਰਲੀ ਗੱਲ ਕੱਢ ਕੇ ਬਾਹਰ ਵੀ ਲਿਆਂਦੀ ਹੈ ਪਰ ਨਵਜੋਤ ਸਿੰਘ ਸਿੱਧੂ ਨੇ ਸੋਸ਼ਲ ਪਲੈਟਫਾਰਮ ‘ਤੇ ਰੂ-ਬ-ਰੂ ਹੋ ਕੇ ਜਿਹੜੀ ਦਿਲ ਦੀ ਗੱਲ ਕਹੀ ਹੈ, ਉਸ ਮੁਤਾਬਕ ਉਨ੍ਹਾਂ ਨੂੰ ਪੰਜਾਬ ਸਰਕਾਰ ਵਿੱਚ ਪਿਛਲੇ ਦਿਨੀਂ ਹੋਈਆਂ ਵਿਵਾਦਤ ਨਿਯੁਕਤੀਆਂ ‘ਤੇ ਵੱਡਾ ਇਤਰਾਜ਼ ਹੈ। ਸਿੱਧੂ ਦੇ ਮੂੰਹੋਂ ਪੰਜਾਬ ਦੀ ਭਲਾਈ ਲਈ ਚੁੱਕੇ ਇਨ੍ਹਾਂ ਮੁੱਦਿਆਂ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਕੱਦ ਪਹਿਲਾਂ ਨਾਲੋਂ ਉੱਚਾ ਹੋਇਆ ਹੈ ਅਤੇ ਉਨ੍ਹਾਂ ਦੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲ਼ਈ ਚੀਸ ਨੇ ਲੋਕਾਂ ਦੇ ਦਿਲਾਂ ਨੂੰ ਛੋਹਿਆ ਹੈ। ਸਿੱਧੂ ਦੇ ਅਸਤੀਫ਼ੇ ਤੋ ਬਾਅਦ ਉਨ੍ਹਾਂ ਨੂੰ ਭੰਡਣ ਵਾਲਿਆਂ ਦੀ ਕਤਾਰ ਲੰਬੀ ਹੋਈ ਹੈ ਅਤੇ ਹੱਕ ਵਿੱਚ ਖੜ੍ਹਨ ਵਾਲਿਆਂ ਦੀ ਗਿਣਤੀ ਉੱਪਰ ਗਈ ਹੈ।

ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਪੰਜਾਬ ਕਾਂਗਰਸ ਬੁਰੀ ਤਰ੍ਹਾਂ ਹਲੂਣੀ ਗਈ ਹੈ। ਇਸ ਤੋਂ ਪਹਿਲਾਂ ਇਹ ਤਾਂ ਲੱਗ ਰਿਹਾ ਸੀ ਕਿ ਪਾਰਟੀ ਅੰਦਰ ਸਭ ਕੁੱਝ ਅੱਛਾ ਨਹੀਂ ਹੈ ਪਰ ਇੱਕ ਭਰਮ ਜ਼ਰੂਰ ਬਣਿਆ ਹੋਇਆ ਸੀ ਕਿ ਨਵਜੋਤ ਸਿੱਧੂ ਸਾਰੇ ਕੁੱਝ ਨੂੰ ਸਮੇਟ ਲੈਣਗੇ। ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਚੁਣੇ ਜਾਣ ਤੋਂ ਲੈ ਕੇ ਵਜ਼ੀਰੀਆਂ ਵੰਡਣ ਤੱਕ ਆਮ ਲੋਕਾਂ ਮੂਹਰੇ ਇਹੋ ਪ੍ਰਭਾਵ ਸੀ ਕਿ ਨਵਜੋਤ ਸਿੰਘ ਸਿੱਧੂ ਤਾਂ ਮੁੱਖ ਮੰਤਰੀ ਨੂੰ ਬਾਂਹ ਫੜ੍ਹ ਕੇ ਤੋਰ ਰਹੇ ਹਨ ਪਰ ਕੱਲ੍ਹ ਦਿੱਤੇ ਅਚਾਨਕ ਅਸਤੀਫ਼ੇ ਨੇ ਸਾਰੇ ਭਰਮ ਦੂਰ ਕਰ ਦਿੱਤੇ । ਉਂਝ ਸਿਆਸਤ ਨਾਲ ਵਾਹ ਰੱਖਣ ਵਾਲਿਆਂ ਨੂੰ ਕਾਂਗਰਸ ਅਤੇ ਸਰਕਾਰ ਵਿੱਚ ਪੱਕ ਰਹੀ ਖਿਚੜੀ ਦੀ ਭਿਣਕ ਜ਼ਰੂਰ ਸੀ। ਸਿੱਧੂ ਨੇ ਆਪਣੇ ਅਸਤੀਫ਼ੇ ਦੀ ਵਜ੍ਹਾ ਵਕੀਲ ਏਪੀਐੱਸ ਦਿਓਲ ਦੀ ਐਡਵੋਕੇਟ ਜਨਰਲ ਵਜੋਂ, ਇਕਬਾਲ ਪ੍ਰੀਤ ਸਿੰਘ ਸਹੋਤਾ ਦੀ ਪੁਲਿਸ ਮੁਖੀ ਵਜੋਂ ਨਿਯੁਕਤੀ ਅਤੇ ਰਾਣਾ ਗੁਰਜੀਤ ਸਿੰਘ ਨੂੰ ਮੰਤਰੀ ਮੰਡਲ ਵਿੱਚ ਸ਼ਾਮਿਲ ਕਰਨਾ ਦੱਸਿਆ ਹੈ। ਸਿੱਧੂ ਦੀਪਇੰਦਰ ਸਿੰਘ ਪਤਵਾਲੀਆ ਨੂੰ ਏਜੀ ਅਤੇ ਸਿਧਾਰਥ ਚੱਟੋਪਧਿਆਏ ਨੂੰ ਪੁਲਿਸ ਮੁਖੀ ਲਾਉਣ ਦੇ ਹੱਕ ਵਿੱਚ ਸਨ। ਰਾਣਾ ਗੁਰਜੀਤ ਸਿੰਘ ਨੂੰ ਮੰਤਰੀ ਮੰਡਲ ਵੱਚ ਲਏ ਜਾਣ ਦਾ ਉਹ ਹਾਈਕਮਾਂਡ ਕੋਲ ਆਖ਼ਰ ਤੱਕ ਵਿਰੋਧ ਕਰਦੇ ਰਹੇ। ਰਾਣਾ ਗੁਰਜੀਤ ਸਿੰਘ ਤਿੰਨ ਦਹਾਕਿਆਂ ਪਹਿਲਾਂ ਤੱਕ ਆਮ ਆਦਮੀ ਵਜੋਂ ਵਿਚਰ ਰਹੇ ਸਨ ਪਰ 1987 ਵਿੱਚ ਸਿਆਸੀ ਗੰਢ-ਤੁਪ ਨਾਲ ਉਨ੍ਹਾਂ ਨੇ ਕੁਰਾਲੀ ਨੇੜੇ ਇੱਕ ਪੇਪਰ ਮਿੱਲ ਲਾ ਲਈ। ਉਸ ਤੋਂ ਬਾਅਦ ਮਰਹੂਮ ਬੇਅੰਤ ਸਿੰਘ ਨਾਲ ਨੇੜਤਾ ਦੇ ਚੱਲਦਿਆਂ ਅੱਜ ਉਹ 168 ਕਰੋੜ ਦੇ ਮਾਲਕ ਹਨ। ਉਹ ਕਾਂਗਰਸ ਪਾਰਟੀ ਦੇ ਵੱਡੇ ਫੰਡਦਾਨੀ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਨੇ ਚੋਣ ਵੀ ਲੜੀ, ਜਿੱਤੇ ਵੀ ਅਤੇ ਕੈਪਟਨ ਸਰਕਾਰ ਵਿੱਚ ਬਿਜਲੀ ਮੰਤਰੀ ਵੀ ਬਣੇ। ਮੋਤੀਆਂ ਵਾਲੀ ਸਰਕਾਰ ਦੇ ਕਰਾਜਕਾਲ ਦੌਰਾਨ ਰੇਤ ਦੀਆਂ ਖੱਡਾਂ ਦੀ ਨਿਲਾਮੀ ਆਪਣੇ ਕੁੱਕ ਸਮੇਤ ਹੋਰ ਸਟਾਫ਼ ਦੇ ਨਾਂ 26 ਕਰੋੜ 51 ਲੱਖ ਨੂੰ ਅਲਾਟ ਕਰਾਏ ਜਾਣ ਦੇ ਬਾਅਦ ਉਹ ਵਿਵਾਦਾਂ ਵਿੱਚ ਆ ਗਏ ਅਤੇ ਅਸਤੀਫ਼ਾ ਦੇਣਾ ਪਿਆ। ਸਿੱਧੂ ਨੂੰ ਹਿਰਖ ਹੈ ਕਿ ਮਾਫੀਆ ਬਿਰਤੀ ਦੇ ਬੰਦੇ ਨੂੰ ਮੰਤਰੀ ਮੰਡਲ ਵਿੱਚ ਕਿਉਂ ਲਿਆ ਗਿਆ। 

ਗੱਲ ਇਕਬਾਲਪ੍ਰੀਤ ਸਿੰਘ ਸਹੋਤਾ ਦੀ ਕਰੀਏ ਤਾਂ ਉਨ੍ਹਾਂ ਉੱਤੇ ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ ਦੌਰਾਨ ਇਨਸਾਫ਼ ਨਾ ਕਰਨ ਪਰ ਇਸਦੇ ਉਲਟ ਡੇਰਾ ਸੌਦਾ ਸਾਧ ਦੇ ਚੇਲਿਆਂ ਨੂੰ ਬਚਾਉਣ ਲਈ ਅਹਿਮ ਭੂਮਿਕਾ ਨਿਭਾਉਣ ਦਾ ਇਲਜ਼ਾਮ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਹੁਰਮਤੀ ਦੀਆਂ ਘਟਨਾਵਾਂ ਨੂੰ ਲੈ ਕੇ ਜਿਹੜੀ ਉਨ੍ਹਾਂ ਨੇ ਜਾਂਚ ਕੀਤੀ ਹੈ, ਉਸਦੇ ਬਾਰੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਵੱਡੇ ਸਵਾਲ ਖੜ੍ਹੇ ਕੀਤੇ ਹਨ। ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲੇ ਇਸ ਅਧਿਕਾਰੀ ਦੀ ਨਿਯੁਕਤੀ ਸਿੱਧੂ ਨੂੰ ਭਾਅ ਨਹੀਂ ਰਹੀ। ਪੰਜਾਬ ਦੇ ਨਵ-ਨਿਯੁਕਤ ਐਡਵੋਕੇਟ ਜਨਰਲ ਏਪੀਐੱਸ ਦਿਓਲ ਨੇ ਸੁਮੇਧ ਸੈਣੀ ਕੇਸ ਵਿੱਚ ਹਾਲੇ ਇੱਕ ਮਹੀਨਾ ਪਹਿਲਾਂ ਹੀ ਪੰਜਾਬ ਦੀ ਕਾਂਗਰਸ ਸਰਕਾਰ ਦੀ ਬੁਰੀ ਤਰ੍ਹਾਂ ਪਿੱਠ ਲਵਾਈ ਸੀ। ਸਾਬਕਾ ਡਾਇਰੈਕਟਰ ਜਨਰਲ ਪੁਲਿਸ ਸੁਮੇਧ ਸੈਣੀ ਖਿਲਾਫ ਚਾਰ ਫੌਜਦਾਰੀ ਕੇਸ ਚੱਲ ਰਹੇ ਹਨ ਅਤੇ ਇਨ੍ਹਾਂ ਕੇਸਾਂ ਵਿੱਚ ਦਿਓਲ ਬਚਾਅ ਪੱਖ ਦੇ ਵਕੀਲ ਹਨ। ਸੈਣੀ ਨੂੰ ਅੱਧੀ ਰਾਤੀਂ ਹਾਈਕੋਰਟ ਵੱਲੋਂ ਦਿੱਤੀ ਜ਼ਮਾਨਤ ਵੇਲੇ ਉਨ੍ਹਾਂ ਵੱਲੋਂ ਨਿਭਾਈ ਭੂਮਿਕਾ ਸਭ ਦੀ ਜ਼ੁਬਾਨ ‘ਤੇ ਹੈ। ਨਵਜੋਤ ਸਿੰਘ ਸਿੱਧੂ ਦਾ ਤਿੰਨਾਂ ਖਿਲਾਫ ਲਿਆ ਸਟੈਂਡ ਜਾਗਦੀ ਜ਼ਮੀਰ ਦਾ ਪ੍ਰਤੀਕ ਮੰਨਿਆ ਜਾ ਰਿਹਾ ਹੈ।

ਕੁੱਲ ਮਿਲਾ ਕੇ ਮੁੱਖ ਮੰਤਰੀ ਚੰਨੀ ਵੱਲੋਂ ਪਿਛਲੇ ਦਿਨੀਂ ਇੱਕ ਖਾਸ ਵਰਗ ਨਾਲ ਸਬੰਧਿਤ ਹੁਸਨ ਲਾਲ, ਵੀ.ਕੇ.ਜੰਜੂਆ, ਕ੍ਰਿਪਾ ਸ਼ੰਕਰ ਸਰੋਜ ਅਤੇ ਇਕਬਾਲ ਪ੍ਰੀਤ ਸਿੰਘ ਸਹੋਤਾ ਦੀਆਂ ਨਿਯੁਕਤੀਆਂ ਵੀ ਦੱਬਵੀਂ ਜ਼ੁਬਾਨੇ ਲਗਾਤਾਰ ਚਿੱਥੀਆਂ ਜਾ ਰਹੀਆਂ ਹਨ।