India International Khalas Tv Special

ਇਸ ਬਿੱਲੀ ਤੋਂ ਸਿੱਖੋ ਰਿਸ਼ਤੇ ਕਿੰਨੇ ਜਰੂਰੀ ਹੁੰਦੇ ਨੇ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):– ਸਾਡੇ ਕਿਸੇ ਆਪਣੇ ਦੀ ਮੌਤ ਹੋ ਜਾਵੇ ਤਾਂ ਸਾਡਾ ਕਿੰਨਾ ਬੁਰਾ ਹਾਲ ਹੁੰਦਾ ਹੈ, ਇਹ ਸ਼ਾਇਦ ਦੱਸਣ ਜਾਂ ਸਮਝਾਉਣ ਦੀ ਲੋੜ ਨਹੀਂ ਹੁੰਦੀ। ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਦੇ ਮੁਤਾਬਿਕ ਕਬਰ ਦੇ ਨੇੜੇ ਚੁੱਪ ਬੈਠ ਕੇ ਆਪਣੇ ਭਰਾ ਦੀ ਮੌਤ ਦਾ ਸੋਗ ਮਨਾ ਰਹੀ ਲੀਓ ਨਾਂ ਦੀ ਬਿੱਲੀ ਦੀ ਇਕ ਵੀਡੀਓ ਇੰਟਰਨੈੱਟ ‘ਤੇ ਵਾਇਰਲ ਹੋ ਗਈ ਹੈ।

ਵਲਸਾਡ ਦੇ ਰੇਲਵੇ ਕਰਮਚਾਰੀ ਮੁਨੱਵਰ ਸ਼ੇਖ਼ ਦੇ ਅਨੁਸਾਰ ਉਨ੍ਹਾਂ ਦੇ ਪਰਿਵਾਰ ਵੱਲੋਂ ਪਾਲੀ ਗਈ ਇਸ ਬਿੱਲੀ ਦਾ ਇਹ ਵਰਤਾਓ ਦੇਖ ਕੇ ਉਹ ਖੁਦ ਹੈਰਾਨ ਹਨ। ਉਨ੍ਹਾਂ ਵੱਲੋਂ ਦੋ ਬਿੱਲੀਆਂ ਪਾਲ਼ੀਆਂ ਗਈਆਂ ਸਨ ਤੇ ਲੰਘੇ ਦਿਨੀਂ ਇੱਕ ਦੀ ਮੌਤ ਹੋ ਗਈ ਸੀ। ਇੱਕ ਦਾ ਨਾਂ ਸੀ ਲੀਓ ਤੇ ਦੂਜੇ ਦਾ ਨਾਂ ਸੀ ਕੋਕੋ। ਕੋਕੋ ਦੀ ਮੌਤ 23 ਸਤੰਬਰ ਨੂੰ ਹੋਈ ਤੇ ਜਿੱਥੇ ਉਸ ਨੂੰ ਦਫ਼ਨਾਇਆ ਗਿਆ, ਲੀਓ ਉਸ ਕਬਰ ‘ਤੇ ਸਾਰਾ ਦਿਨ ਬੈਠੀ ਰਹਿੰਦੀ ਹੈ। ਉੱਥੋਂ ਉੱਠਦੀ ਤੱਕ ਨਹੀਂ। ਜਾਨਵਰਾਂ ਦੇ ਇੱਕ ਦੂਜੇ ਪ੍ਰਤੀ ਪਿਆਰ ਨੂੰ ਦੇਖ ਕੇ ਮੁਨੱਵਰ ਸ਼ੇਖ਼ ਤੇ ਉਸ ਦਾ ਪਰਵਾਰ ਹੈਰਾਨ ਹੈ।

ਸ਼ੇਖ਼ ਤੇ ਉਸ ਦਾ ਪਰਵਾਰ ਲੀਓ ਦੀ ਹੁਣ ਵਧੇਰੇ ਦੇਖਭਾਲ ਕਰ ਰਿਹਾ ਹੈ ਤਾਂ ਜੋ ਉਹ ਇਸ ਸਦਮੇ ‘ਚੋਂ ਬਾਹਰ ਆ ਸਕੇ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਮੁਨੱਵਰ ਦੇ ਬੇਟੇ ਫੈਜ਼ਲ ਨੇ ਦੱਸਿਆ ਉਹਨਾਂ ਨੇ ਕੋਕੋ ਨੂੰ ਆਪਣੇ ਘਰ ਦੇ ਵਿਹੜੇ ਵਿੱਚ ਹੀ ਦਫ਼ਨਾਇਆ ਸੀ ਤੇ ਹੁਣ ਦੂਜੀ ਬਿੱਲੀ ਕਬਰ ਦੇ ਨੇੜੇ ਬੈਠੀ ਰਹਿੰਦੀ ਹੈ। ਗੁੱਡੀ ਦੇ ਚਿਹਰੇ ਵਾਲੀਆਂ ਫ਼ਾਰਸੀ ਕਿਸਮ ਦੀਆਂ ਇਹ ਬਿੱਲੀਆਂ ਦਾ ਜੋੜਾ ਫੈਜ਼ਲ ਨੂੰ ਚਾਰ ਸਾਲ ਪਹਿਲਾਂ ਉਸ ਦੇ ਦੋਸਤ ਵੱਲੋਂ ਤੋਹਫ਼ੇ ਵਜੋਂ ਦਿੱਤਾ ਗਿਆ ਸੀ।

ਫੈਜ਼ਲ ਨੇ ਕਿਹਾ ਕਿ ਦੋ ਸਾਲਾਂ ਦੇ ਵਕਫੇ ਦੇ ਬਾਅਦ ਵੀ ਦੋਵੇਂ ਭੈਣ -ਭਰਾਵਾਂ ਨੇ ਤੁਰੰਤ ਇੱਕ ਦੂਜੇ ਨੂੰ ਪਛਾਣ ਲਿਆ। ਉਨ੍ਹਾਂ ਨੇ ਇੱਕ ਦੂਜੇ ਨਾਲ ਬਹੁਤ ਖੇਡਿਆ। ਪਰ ਕੋਕੋ ਦੀ ਸਿਹਤ ਸੰਬੰਧੀ ਸਮੱਸਿਆਵਾਂ ਕਾਰਨ ਮੌਤ ਹੋ ਗਈ। ਅਸੀਂ ਇਸ ਦਾ ਇਲਾਜ ਪਸ਼ੂ ਹਸਪਤਾਲ ਵਿੱਚ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਬਚਾ ਨਹੀਂ ਸਕੇ।

ਕੋਕੋ ਨੂੰ ਚੁੱਪਚਾਪ ਘਰ ਲਿਆਂਦਾ ਗਿਆ, ਪਿਛਲੇ ਵੀਰਵਾਰ ਨੂੰ ਘਰ ਦੇ ਵਿਹੜੇ ਵਿੱਚ ਦਫ਼ਨਾਇਆ ਗਿਆ। ਲੀਓ ਕੋਕੋ ਦੀ ਮੌਤ ਜਾਂ ਦਫ਼ਨਾਉਣ ਬਾਰੇ ਨਹੀਂ ਜਾਣਦੀ ਸੀ, ਪਰ ਉਸ ਨੂੰ ਮਹਿਸੂਸ ਹੋਇਆ ਕੁੱਝ ਗ਼ਲਤ ਸੀ। ਕੁੱਝ ਘੰਟਿਆਂ ਬਾਅਦ ਲੀਓ ਆਈ ਤੇ ਕੋਕੋ ਦੀ ਕਬਰ ਦੇ ਕੋਲ ਬੈਠ ਗਈ ਤੇ ਹੁਣ ਉੱਥੇ ਹੀ ਬੈਠੀ ਰਹਿੰਦੀ ਹੈ।