‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਸਾਨੀ ਅੰਦੋਲਨ ਬਾਰੇ ਅੱਜ ਫਿਰ ਇੱਕ ਨਵਾਂ ਬਿਆਨ ਦਿੱਤਾ ਹੈ। ਤੋਮਰ ਨੇ ਗਵਾਲੀਅਰ ਦੇ ਐਗਰੀਕਲਚਰ ਕਾਲਜ ਦੇ ਇੱਕ ਪ੍ਰੋਗਰਾਮ ਦੌਰਾਨ ਕਿਸਾਨਾਂ ਨੂੰ ਅੰਦੋਲਨ ਦਾ ਰਸਤਾ ਛੱਡ ਕੇ ਗੱਲਬਾਤ ਕਰਨ ਦੀ ਅਪੀਲ ਕੀਤੀ ਹੈ। ਤੋਮਰ ਨੇ ਕਿਹਾ ਕਿ “ਉਨ੍ਹਾਂ ਦੇ ਇਤਰਾਜ਼ਾਂ ’ਤੇ ਸਰਕਾਰ ਗੱਲਬਾਤ ਕਰਨ ਲਈ ਤਿਆਰ ਹੈ, ਪਹਿਲਾਂ ਵੀ ਕਈ ਵਾਰ ਚਰਚਾ ਹੋ ਚੁੱਕੀ ਹੈ। ਜੇਕਰ ਕੁੱਝ ਰਹਿ ਗਿਆ ਹੈ ਤਾਂ ਸਰਕਾਰ ਗੱਲਬਾਤ ਲਈ ਤਿਆਰ ਹੈ।”
ਚੇਤੇ ਕਰਾ ਦੇਈਏ ਕਿ ਸਰਕਾਰ ਅਤੇ ਕਿਸਾਨਾਂ ਦਰਮਿਆਨ 11ਵੇਂ ਗੇੜ ਦੀ ਆਖ਼ਰੀ ਗੱਲ 22 ਜਨਵਰੀ ਨੂੰ ਟੁੱਟੀ ਸੀ। ਉਸ ਤੋਂ ਬਾਅਦ ਹੁਣ ਤੱਕ ਦੋਵੇਂ ਧਿਰਾਂ ਸਿਰ ਜੋੜ ਕੇ ਬੈਠ ਨਹੀਂ ਸਕੀਆਂ। ਖੇਤੀਬਾੜੀ ਮੰਤਰੀ ਦਾ ਗੱਲਬਾਤ ਦਾ ਜੁਬਾਨੀ ਕਲਾਮੀ ਬਿਆਨ ਤੀਜੀ ਵਾਰ ਆ ਗਿਆ ਹੈ।