‘ਦ ਖ਼ਾਲਸ ਟੀਵੀ ਬਿਊਰੋ:- ਪੰਜਾਬ ‘ਚ ਚੰਨੀ ਵਜ਼ਾਰਤ ‘ਚ ਵਾਧੇ ਤੋਂ ਕੁਝ ਘੰਟੇ ਪਹਿਲਾਂ ਰਾਣਾ ਗੁਰਜੀਤ ਸਿੰਘ ਨੂੰ ਮੰਤਰੀ ਬਣਾਏ ਜਾਣ ਨੁੰ ਲੈ ਕੇ ਵਿਵਾਦ ਖੜ੍ਹ ਹੋ ਗਿਆ ਹੈ। ਤਾਜਾ ਜਾਣਕਾਰੀ ਅਨੁਸਾਰ ਦੋਆਬੇ ਦੇ 7 ਵਿਧਾਇਕਾਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੂੰ ਪੱਤਰ ਲਿਖਿਆ ਹੈ, ਜਿਸ ਵਿੱਚ ਰਾਣਾ ਗੁਰਜੀਤ ਸਿੰਘ ਨੁੰ ਮੰਤਰੀ ਬਣਾਏ ਜਾਣ ਦਾ ਤਿੱਖਾ ਵਿਰੋਧ ਕੀਤਾ ਗਿਆ ਹੈ। ਇਹ ਵੀ ਖਬਰ ਹੈ ਕਿ ਜੇਕਰ ਇਹ ਵਿਵਾਵ ਨਾ ਟਲਿਆ ਤਾਂ ਅੱਜ ਕੈਬਨਿਟ ਦਾ ਸਹੁੰ ਚੁੱਕ ਸਮਾਗਮ ਫਿਰ ਲਟਕ ਸਕਦਾ ਹੈ ਤੇ ਚੰਨੀ ਨੂੰ ਮੁੜ ਦਿੱਲੀ ਵਾਲਾ ਰਾਹ ਫੜਨਾ ਪੈ ਸਕਦਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਵਿਰੋਧ ਕਰਨ ਵਾਲੇ ਵਿਧਾਇਕ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੂੰ ਮਿਲਣ ਜਾ ਰਹੇ ਹਨ।
ਇਹ ਵੀ ਕਿਆਸੇ ਚਲੇ ਰਹੇ ਹਨ ਕਿ ਜਿਹੜੇ ਨੌਜਵਾਨਾਂ ਨੂੰ ਮੰਤਰੀ ਬਣਾਏ ਜਾਣ ਦੀ ਤਜਵੀਜ਼ ਸੀ, ਉਹਨਾਂ ਵਿਚੋਂ ਇਕ ਦੀ ਛੁੱਟੀ ਹੋ ਸਕਦੀ ਹੈ ਤੇ ਉਸਦੀ ਥਾਂ ਕਾਕਾ ਰਣਦੀਪ ਸਿੰਘ ਨੁੰ ਵਜ਼ਾਰਤ ਵਿਚ ਥਾਂ ਮਿਲ ਸਕਦੀ ਹੈ। ਹਾਲਾਂਕਿ ਇਸ ਸਭ ਦੀ ਅਧਿਕਾਰਤ ਤੌਰ ’ਤੇ ਹਾਲੇ ਪੁਸ਼ਟੀ ਨਹੀਂ ਹੋਈ ਤੇ ਜਦੋਂ ਤੱਕ ਰਾਜ ਭਵਨ ਵਿਚ ਅੰਤਿਮ ਸੂਚੀ ਨਹੀਂ ਪਹੁੰਚਦੀ, ਕੁਝ ਵੀ ਕਹਿਣਾ ਯਕੀਨੀ ਨਹੀਂ ਹੈ।