Punjab

ਮੁੱਖ ਮੰਤਰੀ ਦੀ ਸੁਰੱਖਿਆ ਛਤਰੀ ਦਾ ਮਹੀਨੇ ਦਾ ਭਾੜਾ ਚਾਰ ਕਰੋੜ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਦੀ ਸੁਰੱਖਿਆ ਛਤਰੀ ਹਰ ਮਹੀਨੇ ਚਾਰ ਕਰੋੜ ਨੂੰ ਪੈ ਰਹੀ ਹੈ। ਮੁੱਖ ਮੰਤਰੀ ਦਫ਼ਤਰ ਨੂੰ ਚਲਾਉਣ ਵਾਸਤੇ ਹਰ ਮਹੀਨੇ ਖ਼ਰਚਾ ਛੇ ਕਰੋੜ ਰੁਪਏ ਨੂੰ ਟੱਪ ਜਾਂਦਾ ਹੈ। ਮੁੱਖ ਮੰਤਰੀ ਦੇ ਸੁਰੱਖਿਆ ਖਰਚੇ ਵਿੱਚ ਉਸਦੇ ਪਰਿਵਾਰ ਦਾ ਖ਼ਰਚਾ ਵੱਖਰਾ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਦਫ਼ਤਰ, ਘਰ ਅਤੇ ਸਕੱਤਰੇਤ ਦੀ ਸੁਰੱਖਿਆ ਵਿੱਚ ਦਿਨ-ਰਾਤ 800 ਮੁਲਾਜ਼ਮ ਤਾਇਨਾਤ ਰਹਿੰਦੇ ਹਨ। ਹਾਲਾਂਕਿ, ਉਨ੍ਹਾਂ ਨੂੰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਕਾਸ਼ ਸਿੰਘ ਬਾਦਲ ਸਮੇਤ ਸੁਖਬੀਰ ਸਿੰਘ ਬਾਦਲ ਕੋਲ ਜ਼ੈੱਡ ਸਿਕਿਊਰਿਟੀ ਨਹੀਂ ਹੈ। ਮੁੱਖ ਮੰਤਰੀ ਚੰਨੀ ਹੋਣ ਜਾਂ ਹੋਰ, ਉਨ੍ਹਾਂ ਨਾਲ ਡਾਕਟਰਾਂ, ਅੱਗ ਬੁਝਾਊਂ ਗੱਡੀਆਂ ਸਮੇਤ ਹੋਰ ਕਈ ਤਰ੍ਹਾਂ ਦਾ ਸੈਂਕੜਿਆਂ ਦੀ ਗਿਣਤੀ ਵਿੱਚ ਲਾਣਾ-ਬਾਣਾ ਆਲੇ-ਦੁਆਲੇ ਰਹਿੰਦਾ ਹੈ।

ਚਰਨਜੀਤ ਸਿੰਘ ਚੰਨੀ

ਅਧਿਕਾਰਤ ਤੌਰ ‘ਤੇ ਲਈ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਦੀ ਸੁਰੱਖਿਆ ਚਾਰ ਐੱਸਪੀਜ਼ ਦੇ ਹਵਾਲੇ ਕੀਤੀ ਗਈ ਹੈ। ਸੁਰੱਖਿਆ ਟੀਮਾਂ ਦੀ ਅਗਵਾਈ ਆਈਜੀ ਜਾਂ ਡੀਆਈਜੀ ਰੈਂਕ ਦੇ ਅਧਿਕਾਰੀ ਕੋਲ ਹੁੰਦੀ ਹੈ। ਸੁਰੱਖਿਆ ਟੀਮ ਵਿੱਚ ਐੱਸਪੀ ਤੋਂ ਬਿਨਾਂ ਪੰਜ ਡੀਐੱਸਪ, 13 ਇੰਸਪੈਕਟਰ, 28 ਸਬ-ਇੰਸਪੈਕਟਰ, 30 ਏਐੱਸਆਈ, 55 ਹੌਲਦਾਰ ਅਤੇ 300 ਸਿਪਾਹੀ ਇੱਕ ਲੱਤ ਭਾਰ ਖੜ੍ਹੇ ਰਹਿੰਦੇ ਹਨ।

ਕੈਪਟਨ ਅਮਰਿੰਦਰ ਸਿੰਘ

ਸੁਰੱਖਿਆ ਛਤਰੀ ਹੇਠ ਪੰਜਾਬ ਪੁਲਿਸ, ਸੀਆਰਪੀਐੱਫ਼, ਸਪੈਸ਼ਲ ਪ੍ਰੋਟਕੈਸ਼ਨ ਗਰੁੱਪ ਅਤੇ ਕਮਾਂਡੋਜ਼ ਸਾਮਿਲ ਹਨ। ਇਸ ਤੋਂ ਬਿਨਾਂ ਬੰਬ ਸਕੁਐਡ, ਸੀਆਈਡੀ, ਸਾਬੋਤਾਜ ਟੀਮ, ਵਾਇਰਲੈੱਸ ਗਰੁੱਪ, ਅਡਵਾਂਸ ਟੀਮ ਤੋਂ ਇਲਾਵਾ ਸੂਹੀਆ ਕੁੱਤੇ ਚੱਲ ਰਹੇ ਹਨ। ਮੁੱਖ ਮੰਤਰੀ ਦੇ ਨਾਲ-ਨਾਲ ਡਾਕਟਰਾਂ ਦੀ ਟੀਮ ਚੱਲਦੀ ਹੈ। ਉਨ੍ਹਾਂ ਦੇ ਖਾਣੇ ਦੀ ਜਾਂਚ ਕਰਨ ਲਈ ਵੱਖਰੇ ਡਾਕਟਰ ਰੱਖੇ ਗਏ ਹਨ।

ਸੁਖਬੀਰ ਸਿੰਘ ਬਾਦਲ

ਇਨ੍ਹਾਂ ਤੋਂ ਬਿਨਾਂ ਮੁੱਖ ਮੰਤਰੀ ਦੇ ਦੌਰੇ ਵੇਲੇ ਸੜਕਾਂ ‘ਤੇ ਖੜ੍ਹੇ ਕੀਤੇ ਜਾਣ ਵਾਲੇ ਸਿਪਾਹੀਆਂ ਅਤੇ ਡਾਕਟਰਾਂ ਦੀ ਗਿਣਤੀ ਵੱਖਰੀ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਤਾਂ ਆਪਣੀ ਮੌਜੂਦਾ ਸੁਰੱਖਿਆ ‘ਤੇ ਕੱਟ ਲਾਉਣ ਲਈ ਕਹਿ ਦਿੱਤਾ ਹੈ ਪਰ ਉਨ੍ਹਾਂ ਤੋਂ ਪਹਿਲਾਂ ਰਹੇ ਕਈ ਮੁੱਖ ਮੰਤਰੀ ਪੰਜਾਬ ਪੁਲਿਸ ਦੀ ਨਫ਼ਰੀ ਨੂੰ ਆਪਣੇ ਵਪਾਰਕ ਅਦਾਰਿਆਂ ਵਿੱਚ ਵੀ ਖੜਾਂਦੇ ਰਹੇ ਹਨ।

ਪ੍ਰਕਾਸ਼ ਸਿੰਘ ਬਾਦਲ

ਮੁੱਖ ਮੰਤਰੀ ਚੰਨੀ ਵੱਲੋਂ ਸਿਕਿਊਰਿਟੀ ‘ਤੇ ਕੱਟ ਲਾਉਣ ਦਾ ਐਲਾਨ ਸਬੰਧਿਤ ਅਧਿਕਾਰੀਆਂ ਨੇ ਹਾਲੇ ਤੱਕ ਤਾਂ ਭੂੰਜੇ ਨਹੀਂ ਪੈਣ ਦਿੱਤਾ। ਮੁੱਖ ਮੰਤਰੀ ਦਾ ਕਹਿਣਾ ਕਿਵੇਂ ਮੋੜਨ, ਇਸਨੂੰ ਲੈ ਕੇ ਮੀਟਿੰਗਾਂ ਚੱਲ ਰਹੀਆਂ ਹਨ। ਪਰ ਉਨ੍ਹਾਂ ਦੀ ਜਾਨ ਨੂੰ ਸੰਭਾਵਿਤ ਖ਼ਤਰੇ ਦੀ ਜ਼ਿੰਮੇਵਾਰੀ ਆਪਣੇ ਸਿਰ ਲੈਣ ਨੂੰ ਕੋਈ ਵੀ ਤਿਆਰ ਨਹੀਂ। ਇਹ ਵੱਖਰੀ ਗੱਲ ਹੈ ਕਿ ਮੁੱਖ ਮੰਤਰੀ ਚੰਨੀ ਨੇ ਐਲਾਨ ਕਰਨ ਵੇਲੇ ਇਹੀ ਕਹਿ ਦਿੱਤਾ ਸੀ ਕਿ ਉਨ੍ਹਾਂ ਨੂੰ ਕਿਸੇ ਨੇ ਕਿਉਂ ਮਾਰਨਾ ਹੈ ਅਤੇ ਜੇ ਕੋਈ ਅਣਹੋਣੀ ਆ ਵੀ ਪੈਂਦੀ ਹੈ ਤਾਂ ਉਹ ਆਪ ਭੁਗਤ ਲੈਣਗੇ। ਉਨ੍ਹਾਂ ਦੀ ਇੱਕ ਹੋਰ ਗੱਲ ਵੀ ਸੁਣਨ ਨੂੰ ਬੜੀ ਚੰਗੀ ਲੱਗੀ ਜਦੋਂ ਉਨ੍ਹਾਂ ਨੇ ਕਹਿ ਦਿੱਤਾ ਕਿ ਸਿਕਿਊਰਿਟੀ ‘ਤੇ ਲਾਇਆ ਜਾਣ ਵਾਲਾ ਪੈਸਾ ਬਿਹਤਰ ਹੈ ਕਿ ਗਰੀਬਾਂ ‘ਤੇ ਖਰਚ ਹੁੰਦਾ ਰਹੇ।

ਦੂਜੇ ਪਾਸੇ ਪੰਜਾਬ ਦੇ ਨਵੇਂ ਬਣੇ ਡਿਪਟੀ ਮੁੱਖ ਮੰਤਰੀ ਓਪੀ ਸੋਨੀ, ਜਿਨ੍ਹਾਂ ਨੇ ਮੁੱਖ ਮੰਤਰੀ ਦੇ ਬਰਾਬਰ ਸਹੂਲਤਾਂ ਮੰਗ ਲਈਆਂ ਹਨ। ਉਨ੍ਹਾਂ ਨੇ ਚੀਫ਼ ਸੈਕਟਰੀ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਅਤੇ ਦਫ਼ਤਰ ਵਿੱਚ ਮੁੱਖ ਮੰਤਰੀ ਦੇ ਬਰਾਬਰ ਦੀਆਂ ਸਹੂਲਤਾਂ ਦਿੱਤੀਆਂ ਜਾਣ। ਉਨ੍ਹਾਂ ਨੇ ਆਪਣੇ ਪੱਤਰ ਵਿੱਚ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਰਜਿੰਦਰ ਕੌਰ ਭੱਠਲ ਦਾ ਸਪੈਸ਼ਲ ਤੌਰ ‘ਤੇ ਜ਼ਿਕਰ ਕੀਤਾ ਹੈ।

ਓਪੀ ਸੋਨੀ

ਉਂਝ, ਸੋਨੀ ਵੱਲੋਂ ਭੇਜਿਆ ਪੱਤਰ ਅੰਤਿਮ ਪ੍ਰਵਾਨਗੀ ਲਈ ਮੁੱਖ ਮੰਤਰੀ ਕੋਲ ਜਾਵੇਗਾ। ਇਸਦੇ ਬਾਰੇ ਹਾਲ ਦੀ ਘੜੀ ਕਹਿਣਾ ਸਮੇਂ ਤੋਂ ਪਹਿਲਾਂ ਦੀ ਗੱਲ ਹੋਵੇਗੀ ਪਰ ਇੱਕ ਗੱਲ ਪੱਕੀ ਹੈ ਕਿ ਸੋਨੀ ਨੇ ਆਪਣੀਆਂ ਇੱਛਾਵਾਂ ਦੱਸ ਕੇ ਚੋਣਾਂ ਤੋਂ ਪਹਿਲਾਂ ਵਿਰੋਧੀਆਂ ਨੂੰ ਆਲੋਚਨਾ ਦਾ ਮੌਕਾ ਦੇ ਦਿੱਤਾ ਹੈ।