Punjab

CM ਚੰਨੀ ਦੀ ਅਧਿਕਾਰੀਆਂ ਨੂੰ ਖ਼ਾਸ ਹਦਾਇਤ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਚਰਨਜੀਤ ਸਿੰਘ ਚੰਨੀ ਵੱਲੋਂ ਪੰਜਾਬ ਦਾ ਮੁੱਖ ਮੰਤਰੀ ਲੱਗਣ ਤੋਂ ਬਾਅਦ ਨਿੱਤ ਕੋਈ ਨਾ ਕੋਈ ਨਵੇਂ ਐਲਾਨ ਕੀਤੇ ਜਾ ਰਹੇ ਹਨ। ਚਰਨਜੀਤ ਸਿੰਘ ਚੰਨੀ ਨੇ ਹਰ ਮੰਗਲਵਾਰ ਨੂੰ ਦੁਪਹਿਰ ਬਾਅਦ 3 ਵਜੇ ਕੈਬਨਿਟ ਮੀਟਿੰਗ ਕਰਨ ਦਾ ਫੈਸਲਾ ਕੀਤਾ ਹੈ। ਇੱਕ ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਮੰਗਲਵਾਰ ਨੁੰ ਬਾਅਦ ਦੁਪਹਿਰ 3.00 ਵਜੇ ਇਹ ਮੀਟਿੰਗ ਹੋਵੇਗੀ। ਇਸ ਤੋਂ ਪਹਿਲਾਂ ਮੁੱਖ ਮੰਤਰੀ ਸਵੇਰੇ 11.30 ਵਜੇ ਤੋਂ 2.30 ਵਜੇ ਤੱਕ ਆਪਣੇ ਦਫਤਰ ਵਿੱਚ ਮੰਤਰੀਆਂ, ਵਿਧਾਇਕਾਂ ਤੇ ਹੋਰ ਰਾਜਨੀਤਕ ਲੀਡਰਾਂ ਨਾਲ ਮੁਲਾਕਾਤ ਕਰਿਆ ਕਰਨਗੇ। ਮੁੱਖ ਮੰਤਰੀ ਚੰਨੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਆਪੋ-ਆਪਣੇ ਦਫ਼ਤਰ ਵਿੱਚ ਸਮੇਂ ਸਿਰ ਹਾਜ਼ਰ ਰਹਿਣ ਤਾਂ ਜੋ ਜੇਕਰ ਉਹਨਾਂ (ਮੁੱਖ ਮੰਤਰੀ) ਨੂੰ ਅਧਿਕਾਰੀਆਂ ਤੋਂ ਕੋਈ ਗੱਲ ਪੁਛਣੀ ਹੋਵੇ ਤਾਂ ਕੋਈ ਮੁਸ਼ਕਿਲ ਨਾ ਆਵੇ। 

ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਨਰਮੇ ਦੀ ਫਸਲ ਉੱਤੇ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਨੁਕਸਾਨਗ੍ਰਸਤ ਹੋਈ ਫ਼ਸਲ ਦਾ ਪਤਾ ਲਗਾਉਣ ਲਈ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਦਿੱਤੇ ਗਏ ਹਨ। ਇਹ ਫੈਸਲਾ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਓਪੀ ਸੋਨੀ ਨੇ ਮੁੱਖ ਮੰਤਰੀ ਦੇ ਨਿਰਦੇਸ਼ਾਂ ‘ਤੇ ਖੇਤੀਬਾੜੀ ਅਤੇ ਸਹਿਕਾਰਤਾ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਵਿੱਚ ਲਿਆ ਸੀ।

ਮੀਟਿੰਗ ਵਿੱਚ ਡੀ.ਏ.ਪੀ. ਤੇ ਯੂਰੀਆ ਖਾਦ ਦੀ ਕਿੱਲਤ ਦੀ ਸਥਿਤੀ ਦੀ ਸਮੀਖਿਆ ਕੀਤੀ ਗਈ। ਮੀਟਿੰਗ ਵਿੱਚ ਦੱਸਿਆ ਗਿਆ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਲੋੜੀਂਦੀ ਸਪਲਾਈ ਨਹੀਂ ਦਿੱਤੀ ਜਾ ਰਹੀ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਨਵੰਬਰ ਮਹੀਨੇ ਕਣਕ ਦੀ ਬਿਜਾਈ ਨੂੰ ਦੇਖਦਿਆਂ ਡੀ.ਏ.ਪੀ. ਤੇ ਯੂਰੀਆ ਖਾਦ ਦੀ ਸਪਲਾਈ ਦਾ ਮਾਮਲਾ ਕੇਂਦਰ ਸਰਕਾਰ ਦੇ ਖਾਦ ਮੰਤਰਾਲੇ ਕੋਲ ਉਠਾਇਆ ਜਾਵੇਗਾ। ਮੀਟਿੰਗ ਵਿੱਚ ਦੋਵੇਂ ਵਿਭਾਗਾਂ ਨਾਲ ਜੁੜੇ ਵੱਖ-ਵੱਖ ਕਾਰਜਾਂ ਦੀ ਸਮੀਖਿਆ ਵੀ ਕੀਤੀ ਗਈ।