Punjab

ਬੇਅਦਬੀ ਮਾਮਲਾ : ਸ਼੍ਰੋਮਣੀ ਕਮੇਟੀ ਨੇ ਸਰਕਾਰ ਨੂੰ ਦਿੱਤੀ ਇੱਕ ਹਫ਼ਤੇ ਦੀ ਮੋਹਲਤ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਅਨੰਦਪੁਰ ਸਾਹਿਬ ਵਿਖੇ ਹੋਈ ਬੇਅਦਬੀ ਮਾਮਲੇ ਬਾਰੇ ਬੋਲਦਿਆਂ ਕਿਹਾ ਕਿ ਜੋ ਦੋਸ਼ੀ ਸੀ, ਉਹ ਫੜ੍ਹਿਆ ਵੀ ਗਿਆ ਅਤੇ ਗ੍ਰਿਫਤਾਰ ਵੀ ਕੀਤਾ ਗਿਆ। ਅਸੀਂ ਪਹਿਲਾਂ ਫੈਸਲਾ ਕੀਤਾ ਸੀ ਕਿ ਦੋਸ਼ੀ ਦਾ ਨਾਰਕੋ ਟੈਸਟ ਅਤੇ ਬ੍ਰੇਨ ਟੈਸਟ ਕਰਵਾਇਆ ਜਾਵੇ। ਇਸ ਨਾਲ ਇਸ ਪਿੱਛੇ ਕੰਮ ਕਰ ਰਹੀ ਤਾਕਤ ਬਾਰੇ ਪਤਾ ਲੱਗ ਜਾਵੇਗਾ। ਅਸੀਂ ਇਸ ਬਾਰੇ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਸੀ ਅਤੇ ਉਸ ਚਿੱਠੀ ਨੂੰ ਕੱਲ੍ਹ ਦਾ ਕੋਰਟ ਵਿੱਚ ਅਪਲਾਈ ਕਰ ਦਿੱਤਾ ਗਿਆ ਹੈ। ਸਾਨੂੰ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਦੋਸ਼ੀ ਦਾ ਨਾਰਕੋ ਅਤੇ ਬ੍ਰੇਨ ਟੈਸਟ ਕਰਵਾਇਆ ਜਾਵੇਗਾ। ਜੇਕਰ ਅਸੀਂ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈ ਲਈਏ ਤਾਂ ਇਹ ਸ਼੍ਰੋਮਣੀ ਕਮੇਟੀ ਵਰਗੀ ਸੰਸਥਾ ਨੂੰ ਸੋਭਾ ਨਹੀਂ ਦਿੰਦਾ। ਅਸੀਂ ਸਰਕਾਰ ਨੂੰ ਇਸ ਮਸਲੇ ਨੂੰ ਬਹੁਤ ਗੰਭੀਰਤਾ ਦੇ ਨਾਲ ਲੈਣ ਦੀ ਅਪੀਲ ਕੀਤੀ ਹੈ। ਜੇ ਮੌਕੇ ‘ਤੇ ਸਰਕਾਰ ਅਜਿਹੀਆਂ ਘਟਨਾਵਾਂ ਕਰਨ ਵਾਲਿਆਂ ਨੂੰ ਦਬੋਚ ਲੈਂਦੀ ਤਾਂ ਸ਼ਾਇਦ ਅੱਜ ਅਜਿਹੀ ਹਰਕਤ ਨਾ ਹੁੰਦੀ। ਅਸੀਂ ਪ੍ਰਸ਼ਾਸਨ ਨੂੰ ਇੱਕ ਹਫ਼ਤੇ ਦਾ ਅਲਟੀਮੇਟਮ ਦੇ ਰਹੇ ਹਾਂ। ਜੇ ਸਾਨੂੰ ਇੱਕ ਹਫ਼ਤੇ ਦੇ ਅੰਦਰ-ਅੰਦਰ ਨਤੀਜਾ ਨਹੀਂ ਮਿਲਦਾ ਤਾਂ ਅਸੀਂ ਕੋਈ ਅਗਲਾ ਫੈਸਲਾ, ਨੀਤੀ ਬਣਾਵਾਂਗੇ।

ਬੀਬੀ ਜਗੀਰ ਕੌਰ ਨੇ ਅੱਜ ਫਿਰ 16 ਸਤੰਬਰ ਨੂੰ ਰਸਤੇ ਵਿੱਚ ਘੇਰੇ ਗਏ ਅਕਾਲੀ ਵਰਕਰਾਂ ਬਾਰੇ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਉੱਤੇ ਸ਼ਰਾਬਾਂ ਸੁੱਟੀਆਂ ਗਈਆਂ, ਉਨ੍ਹਾਂ ਨੂੰ ਢਾਈ-ਢਾਈ ਘੰਟੇ ਜਲੀਲ ਕੀਤਾ ਗਿਆ, ਉਨ੍ਹਾਂ ਦੀਆਂ ਗੱਡੀਆਂ ਤੋੜੀਆਂ ਗਈਆਂ। ਕੱਲ੍ਹ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ ਕਿ ਕੁੱਝ ਅਨਸਰਾਂ ਵੱਲੋਂ ਉਨ੍ਹਾਂ ਦੀਆਂ ਪੁੱਟੀਆਂ ਹੋਈਆਂ ਦਾੜੀਆਂ ਨੂੰ ਹੱਥਾਂ ਵਿੱਚ ਫੜ੍ਹ ਕੇ ਸਿੱਖ ਕੌਮ ਨੂੰ ਵੰਗਾਰ ਦਿੱਤੀ ਹੈ ਕਿ ਇਹ ਵੇਖੋ ਸਿੱਖੋ, ਜਿਨ੍ਹਾਂ ਦਾੜੀਆਂ ‘ਤੇ ਤੁਸੀਂ ਹੱਥ ਫੇਰਦੇ ਹੋ, ਉਹ ਅਸੀਂ ਇੱਥੇ ਟੰਗੀ ਹੋਈ ਹੈ। ਇਸ ਵਾਸਤੇ ਸਖ਼ਤ ਸਟੈੱਪ ਚੁੱਕਿਆ ਜਾਣਾ ਚਾਹੀਦਾ ਹੈ। ਕਈ ਵੀ ਸਿੱਖ ਇਸ ਘਟਨਾ ਨੂੰ ਬਰਦਾਸ਼ਤ ਨਹੀਂ ਕਰੇਗਾ। ਇਹ ਕਾਰਨਾਮਾ ਉਸ ਦਿਨ ਕੋਈ ਸਿੱਖ ਨਹੀਂ ਕਰ ਸਕਦਾ।