India Punjab

ਚੰਨੀ ਸਾਹਿਬ! ਜਾਗਦੇ ਕਿ ਸੁੱਤੇ!

‘ਦ ਖ਼ਾਲਸ ਟੀਵੀ ਬਿਊਰੋ (ਬਨਵੈਤ/ਜਗਜੀਵਨ ਮੀਤ):- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸੋਮਵਾਰ ਦੀ ਰਾਤ ਨੂੰ ਤੜਕੇ ਤਿੰਨ ਵਜੇ ਤੱਕ ਸਕੱਤਰੇਤ ਬੈਠੇ ਰਹੇ, ਪਰ ਉਨ੍ਹਾਂ ਨੂੰ ਪਤਾ ਨਹੀਂ ਲੱਗਾ ਕਿ ਜਿਸ ਜਹਾਜ ਰਾਹੀਂ ਉਹ ਮੰਗਲਵਾਰ ਨੂੰ ਦਿੱਲੀ ਗਏ ਹਨ, ਉਸਦੇ ਬਾਰੇ ਪਤਾ ਨਹੀਂ ਕਿ ਕਿਸਦੀ ਬਿੱਲ ਚੋਂ ਜੇਬ੍ਹ ਚੋਂ ਬਿੱਲ ਭਰਨਾ ਹੈ। ਮੁੱਖ ਮੰਤਰੀ ਰਹਾਇਸ਼ ਦੇ ਸਾਹਮਣੇ ਤੋਂ ਉਡੇ ਇਸ ਜਹਾਜ ਦੀ ਉਡਾਨ ਭਰਨ ਦੀ ਪ੍ਰਵਾਨਗੀ ਵੀ ਉਨ੍ਹਾਂ ਤੋਂ ਲੈਣ ਦੀ ਲੋੜ ਨਹੀਂ ਸਮਝੀ ਗਈ। ਪੰਜਾਬ ਸਰਕਾਰ ਦਾ ਆਪਣਾ ਅਫੀਸ਼ਿਅਲ ਹੈਲੀਕਾਪਟਰ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਦੀ ਸੇਵਾ ਵਿੱਚ ਲੱਗਾ ਹੋਇਆ ਹੈ। ਮੁੱਖ ਮੰਤਰੀ ਪ੍ਰਾਈਵੇਟ ਜੈੱਟ ਵਿੱਚ ਚੜ੍ਹ ਕੇ ਹੂਟੇ ਲੈਣ ਦੇ ਚਾਅ ਨਾਲ ਦਿਲੀ ਤੁਰ ਗਏ ਪਰ ਵਿਰੋਧੀਆਂ ਨੇ ਤੰਜ ਕੱਸ ਕੇ ਉਨ੍ਹਾਂ ਨੂੰ ਦਿੱਲੀ ਪੁੱਜਣ ਤੋਂ ਪਹਿਲਾਂ ਹੀ ਹੇਠਾਂ ਲਾਹ ਲਿਆ।

ਉੱਚ ਭਰੋਸੇਯੋਗ ਸੂਤਰ ਦੱਸਦੇ ਹਨ ਕਿ ਪ੍ਰਾਇਵੇਟ ਜੈੱਟ ਦਾ ਬੰਦੋਬਦਸਤ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਵਲੋਂ ਕੀਤਾ ਗਿਆ ਸੀ। ਜੈੱਟ ਦਾ ਕਿਰਾਇਆ ਕਾਂਗਰਸ ਪਾਰਟੀ ਦੇ ਖਾਤੇ ਵਿਚੋਂ ਜਾਂ ਸਿਧੂ ਨੇ ਆਪਣੇ ਖੀਸੇ ਚੋਂ ਭਰਨਾ ਹੈ, ਇਹ ਵੀ ਭੇਦ ਬਣਿਆ ਹੋਇਆ ਹੈ। ਉਨ੍ਹਾਂ ਦੇ ਨਾਲ ਦਿਲੀ ਨੂੰ ਸਿੱਧੂ ਤੋ ਇਲਾਵਾ ਦੋਵੇਂ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਓਪੀਸੋਨੀ ਨੇ ਵੀ ਸੋਲਾਂ ਸੀਟਰ ਪ੍ਰਾਈਵੇਟ ਜੈੱਟ ਦੇ ਹੂਟੇ ਲਏ ਹਨ।

ਮਿਲੀ ਜਾਣਕਾਰੀ ਅਨੁਸਾਰ ਸਰਕਾਰੀ ਹੈਲੀਕਾਪਟਰ ਨੇ ਹਰੀਸ਼ ਰਾਵਤ ਨੂੰ ਲੈ ਕੇ ਸਵੇਰੇ ਗਿਆਰਾਂ ਵਜੇ ਉੱਤਰਾਖੰਡ ਲਈ ਉਡਾਰੀ ਭਰੀ ਸੀ, ਉਸ ਤੋਂ ਬਾਅਦ ਉਹੀ ਸਰਕਾਰੀ ਹੈਲੀਕਾਪਟਰ ਦਿੱਲੀ ਲੈ ਕੇ ਗਿਆ ਸੀ। ਮੰਗਲਵਾਰ ਰਾਤ ਤੱਕ ਸਰਕਾਰੀ ਹੈਲੀਕਾਪਟਰ ਦਿਲੀ ਹੀ ਸੀ, ਜਦੋਂ ਕਿ ਸਿੱਧੂ ਐਂਡ ਪਾਰਟੀ ਦਰਬਾਰ ਸਾਹਿਬ ਪਹੁੰਚ ਗਏ। ਦੱਸ ਦਈਏ ਕਿ ਚੰਨੀ ਅਤੇ ਉਨ੍ਹਾਂ ਦੀ ਟੀਮ ਨੇ ਹਾਈਕਮਾਂਡ ਨਾਲ ਵਜ਼ਾਰਤ ਵਿੱਚ ਵਾਧੇ ਉੱਤੇ ਵਿਚਾਰ ਕਰਨ ਲਈ ਦਿੱਲੀ ਗਏ ਸਨ। ਹਰੀਸ਼ ਰਾਵਤ ਵੀ ਉਸੇ ਮੀਟਿੰਗ ਵਿਚ ਸ਼ਾਮਿਲ ਹੋਣ ਲਈ ਵੱਖਰੇ ਸਰਕਾਰੀ ਹੈਲੀਕਾਪਟਰ ਵਿੱਚ ਗਏ ਹਨ।

ਮੁੱਖ ਮੰਤਰੀ ਬਣਨ ਤੋਂ ਬਾਅਦ ਚੰਨੀ ਦਾ ਇਹ ਪਹਿਲਾ ਦਿੱਲੀ ਟੂਰ ਸੀ, ਜਿਸ ਲਈ ਪ੍ਰਾਈਵੇਟ ਤੌਰ ਬਕਾਇਦਾ ਇਕ ਜੈੱਟ ਮੰਗਵਾਇਆ ਗਿਆ ਹੈ। ਜਿਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਨੇ ਚੰਨੀ ਦੀ ਖਿਚਾਈ ਸ਼ੁਰੂ ਕਰ ਦਿੱਤੀ। ਚੰਨੀ ਨੇ ਹਾਲੇ ਇਕ ਦਿਨ ਪਹਿਲਾਂ ਹੀ ਕੀਤੀ ਪ੍ਰੈੱਸ ਕਾਨਫਰੰਸ ਵਿਚ ਦਾਅਵਾ ਕੀਤਾ ਸੀ, ਕਿ ਉਹ ਆਮ ਆਦਮੀ ਹਨ, ਤੇ ਪੰਜਾਬ ਦਾ ਇਕ ਇਕ ਜਣਾ ਮੁੱਖ ਮੰਤਰੀ ਬਣਿਆ ਹੈ। ਪਰ ਉਨ੍ਹਾਂ ਦੇ ਵੱਲੋਂ ਦਿੱਲੀ ਦਾ ਇਹ ਟੂਰ ਮਹਾਰਾਜਾ ਸਟਾਇਲ ਬਣਕੇ ਰਹਿ ਗਿਆ ਹੈ।

ਦ ਖ਼ਾਲਸ ਟੀਵੀ ਵੱਲੋਂ ਇਸ ਮਾਮਲੇ ਦੀ ਜੜ੍ਹ ਤੱਕ ਜਾਣਕਾਰੀ ਲੈਣ ਤੋਂ ਬਾਅਦ ਇਹ ਸੱਚ ਸਾਹਮਣੇ ਆਇਆ ਹੈ ਕਿ ਪੰਜਾਬ ਸਰਕਾਰ ਨੇ ਨਾ ਤਾਂ ਪ੍ਰਾਈਵੇਟ ਜੈਟ ਕਿਰਾਏ ਤੇ ਲਿਆ ਹੈ ਤੇ ਨਾ ਹੀ ਇਸਦਾ ਕੋਈ ਭਾੜਾ ਭਰਿਆ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਲਿਆਂਦੇ ਇਸ ਸ਼ਾਹੀ ਜਹਾਜ ਦਾ ਭੁਗਤਾਨ ਉਹ ਆਪਣੇ ਖੀਸੇ ਚੋਂ ਕਰਨਗੇ ਜਾਂ ਕਾਂਗਰਸ ਪਾਰਟੀ ਦੇ ਖਾਤੇ ਚੋਂ, ਸਰਕਾਰ ਦੇ ਅਧਿਕਾਰੀ ਇਸ ਬਾਰੇ ਮੂੰਹ ਨਹੀਂ ਖੋਲ੍ਹ ਰਹੇ।

ਹੁਣ ਸਾਰਿਆਂ ਦੇ ਮਨਾਂ ਵਿੱਚ ਇਹ ਸਵਾਲ ਉੱਠ ਰਿਹਾ ਹੈ ਕਿ ਜਦੋਂ ਹਰੀਸ਼ ਰਾਵਤ ਨੇ ਦਿਲੀ ਜਾਣਾ ਹੀ ਤਾਂ ਸਾਰੇ ਜਣੇ ਇਸੇ ਜਹਾਜ ਵਿਚ ਚਲੇ ਜਾਂਦੇ। ਆਪਣੇ ਦਰਸ਼ਕਾਂ ਨੂੰ ਇਹ ਦੱਸ ਦਈਏ ਕਿ ਪ੍ਰਾਈਵੇਟ ਜੈਟ ਭਾੜੇ ਉੱਤੇ ਲੈਣਾ ਹੋਵੇ ਤਾਂ ਇਸਦੀ ਅਦਾਇਗੀ ਘੰਟਿਆਂ ਦੇ ਹਿਸਾਬ ਨਾਲ ਡਾਲਰਾਂ ਵਿਚ ਕਰਨੀ ਪੈਂਦੀ ਹੈ। ਜੋ ਰੁਪਿਆਂ ਵਿਚ ਕਈ ਲੱਖ ਬਣਦਾ ਹੈ। ਸਰਕਾਰੀ ਹੈਲੀਕਾਪਟਰ ਹਰੀਸ਼ ਰਾਵਤ ਨੂੰ ਕਿਉਂ ਦਿੱਤਾ ਜਾ ਰਿਹਾ ਹੈ, ਇਸਦਾ ਮੁੱਖ ਮੰਤਰੀ ਦਫਤਰ ਕੋਲ ਕੋਈ ਜਵਾਬ ਨਹੀਂ, ਬਸ ਅਧਿਕਾਰੀ ਇੰਨਾ ਜਾਣਦੇ ਹਨ ਕਿ ਇਹ ਪਿਰਤ ਮੋਤੀਆਂ ਵਾਲੀ ਸਰਕਾਰ ਦੇ ਵੇਲੇ ਤੋਂ ਚਲੀ ਆ ਰਹੀ ਹੈ।

ਸਰਕਾਰੀ ਹੈਲੀਕਾਪਟਰ ਦੀ ਮੁੱਖ ਮੰਤਰੀ ਤੋਂ ਬਗੈਰ ਕਿਸੇ ਹੋਰ ਵੱਲੋਂ ਵਰਤੋਂ ਕਰਨ ਲਈ ਸਰਕਾਰ ਦੀ ਅਗਾਉਂ ਮਨਜੂਰੀ ਲਾਜਿਮੀ ਹੁੰਦੀ, ਪਰ ਮੰਗਲਵਾਰ ਨੂੰ ਸਰਕਾਰ ਦੇ ਰਿਕਾਰਡ ਵਿਚ ਇਸ ਬਾਰੇ ਕੋਈ ਜਾਣਕਾਰੀ ਨਹੀਂ। ਮੁੱਖ ਮੰਤਰੀ ਦਫਤਰ ਦੇ ਇਕ ਅਧਿਕਾਰੀ ਨੇ ਇੰਨਾ ਜਰੂਰ ਕਿਹਾ ਕਿ ਹਰੀਸ਼ ਰਾਵਤ ਲਈ ਹੈਲੀਕਾਪਟਰ ਇਕ ਵੱਡੇ ਅਧਿਕਾਰੀ ਜੁਬਾਨੀ ਹੁਕਮਾਂ ਤੇ ਦਿੱਤਾ ਗਿਆ ਸੀ।

ਕੈਪਟਨ ਨੇ ਛੱਡਿਆ ਪਹਿਲਾ ਤੀਰ


ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਰਮਿਆਨ ਚਾਹ ਉੱਤੇ ਜੱਫੀਆਂ ਤਾਂ ਨਹੀਂ ਪੈ ਸਕੀਆਂ ਪਰ ਕੈਪਟਨ ਚੰਨੀ ਦੀ ਪ੍ਰਾਈਵੇਟ ਜੈੱਟ ਦੀ ਸਵਾਰੀ ਉੱਤੇ ਤੀਰ ਜਰੂਰ ਛੱਡ ਦਿੱਤਾ ਹੈ। ਕੈਪਟਨ ਦੇ ਮੀਡੀਆ ਅਡਵਾਇਜਰ ਨਵੀਨ ਠੁਕਰਾਲ ਨੇ ਟਵੀਟ ਕਰਕੇ ਕਿਹਾ ਹੈ…ਵਾਹ ਗਰੀਬਾਂ ਦੀ ਸਰਕਾਰ। ਸਰਕਾਰੀ ਹੈਲੀਕਾਪਟਰ ਛੱਡ ਕੇ ਭਾੜੇ ਦੇ ਪ੍ਰਾਈਵੇਟ ਜੈੱਟ ਝੂਟੇ ਲਏ ਜਾ ਰਹੇ ਹਨ। ਮੈਂ ਤਾਂ ਸਾਢੇ ਚਾਰ ਸਾਲ ਪੰਜਾਬ ਦਾ ਖਜਾਨਾ ਖਾਲੀ ਹੋਣ ਦਾ ਗੀਤ ਸੁਣ ਸੁਣ ਕੇ ਮੁੱਠੀ ਘੁੱਟ ਕੇ ਹੀ ਟਾਇਮ ਪਾਸ ਕਰਦਾ ਰਿਹਾ।