‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਸ਼ਿਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਹੈ ਕਿ ਇਨ੍ਹਾਂ ਬੇਅਦਬੀਆਂ ਨਾਲ ਗੁਰੂ ਸਾਹਿਬ ਨੂੰ ਕੋਈ ਫਰਕ ਨਹੀਂ ਪੈਦਾਂ, ਸਾਡੇ ਹਿਰਦੇ ਜ਼ਰੂਰ ਵਲੂੰਧਰੇ ਜਾਂਦੇ ਹਨ। ਇਸ ਘਟਨਾ ਦੇ ਦੋਸ਼ੀ ਨੂੰ ਗੁਰੂ ਸਾਹਿਬ ਆਪ ਹੀ ਕਿਰਪਾ ਕਰਨ ਕਿ ਜਿਨਾਂ ਨੇ ਇਹ ਸਾਜਿਸ਼ ਰਚੀ ਹੈ, ਉਨ੍ਹਾਂ ਨੂੰ ਸੋਧਾ ਵੀ ਲਾਵੇ ਤੇ ਸਾਧੇ ਵੀ ਜਾਣ ਤੇ ਸੁਮੱਤ ਵੀ ਬਖਸ਼ੇ। ਉਨ੍ਹਾਂ ਕਿਹਾ ਕਿ ਪੰਥ ਦੇ ਦੋਖੀਆਂ ਵਲੋਂ ਨਸ਼ੀਲੀ ਵਸਤੂ ਸੁੱਟ ਕੇ ਜੋ ਬੇਅਦਬੀ ਕੀਤੀ ਗਈ ਹੈ, ਉਸਦੇ ਦੋਸ਼ੀ ਨੂੰ ਸੇਵਾਦਾਰਾਂ ਨੇ ਸਮੇਂ ਸਿਰ ਫੜਿਆ ਹੈ। ਉਨ੍ਹਾਂ ਕਿਹਾ ਕਿ ਇਹ ਹਰਕਤਾਂ ਸ਼ੁਰੂ ਤੋਂ ਹੀ ਹੋ ਰਹੀਆਂ ਹਨ। ਬੀਬੀ ਜਗੀਰ ਕੌਰ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।
ਪਹਿਲਾਂ ਵੀ ਕੋਝੀਆਂ ਹਰਕਤਾਂ ਹੋਈਆਂ ਹਨ ਤੇ ਅਸੀਂ ਹਰੇਕ ਬੇਅਦਬੀ ਦੀ ਜੜ ਤੱਕ ਪਹੁੰਚਣ ਲਈ ਕਹਿ ਚੁੱਕੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਇਸ ਮਾਮਲੇ ਵਿਚ ਯੂਏਪੀਏ ਧਾਰਾ ਲਗਵਾਈ ਸੀ। ਪਰ ਜਦੋਂ ਪੁਲਿਸ ਨੂੰ ਪੁੱਛਿਆ ਗਿਆ ਤਾਂ ਪੁਲਿਸ ਨੇ ਕਿਹਾ ਹੈ ਕਿ ਇਹ ਦੋਸ਼ੀ ਵਿਅਕਤੀ ਨਸ਼ੇੜੀ ਸੀ ਤੇ ਇਸਦਾ ਦਿਮਾਗ ਕੰਮ ਨਹੀਂ ਕਰਦਾ ਹੈ। ਫਿਰ ਅਸੀਂ ਸੋਚਿਆ ਕਿ ਇਸ ਸਾਜਿਸ਼ ਨੂੰ ਲੱਭਣਾ ਬਹੁਤ ਜ਼ਰੂਰੀ ਹੈ। ਇਸ ਲਈ ਅਸੀਂ ਨਾਰਕੋ ਟੈਸਟ ਦੀ ਮੰਗ ਕੀਤੀ ਸੀ। ਤਾਂ ਕਿ ਦੋਸ਼ੀ ਦੇ ਅੰਦਰੋਂ ਸੱਚ ਕੱਢਵਾਇਆ ਜਾਵੇ ਤੇ ਪੂਰੀ ਕਹਾਣੀ ਸਾਹਮਣੇ ਆਵੇ। ਜੇ ਪੁਲਿਸ ਕਹਿੰਦੀ ਹੈ ਕਿ ਉਹ ਪਾਗਲ ਹੈ ਤਾਂ ਉਸਦੀ ਬ੍ਰੇਨ ਮੈਪਿੰਗ ਕਰਵਾਈ ਜਾਵੇ ਤਾਂ ਜੋ ਪਤਾ ਲੱਗ ਸਕੇ ਕਿ ਇਸ ਸਾਜਿਸ਼ ਪਿੱਛੇ ਕੌਣ ਹੈ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਕੁੱਝ ਦਿਨ ਪਹਿਲਾਂ 40 ਸਾਬਕਾ ਫੌਜੀਆਂ ਨੂੰ ਟਾਸਕ ਫੋਰਸ ਵਿੱਚ ਭਰਤੀ ਕੀਤਾ ਗਿਆ ਹੈ। ਹੋਰ ਵੀ ਮੰਗ ਕੀਤੀ ਗਈ ਹੈ। ਪਹਿਲਾਂ ਹੀ ਸਾਡੀ ਸੇਵਾਦਾਰਾਂ ਦੀ ਟਾਸਕ ਫੋਰਸ ਕੰਮ ਕਰ ਰਹੀ ਹੈ। ਬਾਕੀ ਇਸ ਮਾਮਲੇ ਵਿੱਚ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜ ਮੈਂਬਰੀ ਕਮੇਟੀ ਦੀ ਰਿਪੋਰਟ ਵੀ ਮੰਗਵਾਈ ਜਾ ਰਹੀ ਹੈ। ਜੋ 25 ਸਤੰਬਰ ਨੂੰ ਆਵੇਗੀ। ਇਸ ਤੋਂ ਬਾਅਦ ਜਿੱਥੇ ਕੁਤਾਹੀ ਹੋਈ ਹੈ, ਉਸ ਮੁਤਾਬਿਕ ਕਾਰਵਾਈ ਹੋਵੇਗੀ।
ਜ਼ਿਕਰਯੋਗ ਹੈ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪਿਛਲੇ ਦਿਨੀਂ ਵਾਪਰੀ ਘਟਨਾ ਦੇ ਪਛਤਾਵੇ ਲਈ ਸ੍ਰੀ ਆਨੰਦਪੁਰ ਸਾਹਿਬ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਵੀ ਪਾਏ ਗਏ ਤੇ ਭਲੇ ਲਈ ਅਰਦਾਸ ਵੀ ਕੀਤੀ ਗਈ।