Punjab

ਕੈਪਟਨ ਅਮਰਿੰਦਰ ਤੇ ਚਰਨਜੀਤ ਸਿੰਘ ਚੰਨੀ ਦੋ ਦਿਨ ਤੋਂ ਖੇਡ ਰਹੇ ਹਨ ਲੁਕਣ-ਮੀਚੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਹੁੰਦਿਆਂ ਲੋਕਾਂ ਦੀ ਪਹੁੰਚ ਤੋਂ ਦੂਰ ਸਨ ਹੀ ਪਰ ਹੁਣ ਆਮ ਵਿਧਾਇਕ ਬਣ ਕੇ ਵੀ ਲੱਭਣੇ ਮੁਸ਼ਕਿਲ ਹੋ ਰਹੇ ਹਨ। ਇੱਥੋਂ ਤੱਕ ਕਿ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਐਤਵਾਰ ਦੀ ਰਾਤ ਨੂੰ ਅਮਰਿੰਦਰ ਸਿੰਘ ਦੇ ਨਾਲ ਸੰਪਰਕ ਕਰਨ ਲਈ ਕਈ ਘੰਟੇ ਫੋਨ ਹੱਥ ਫੜੀ ਰੱਖਿਆ ਪਰ ਉਹ ਸੰਪਰਕ ਨਾ ਜੋੜ ਸਕੇ। ਪਤਾ ਤਾਂ ਇਹ ਵੀ ਲੱਗਾ ਹੈ ਕਿ ਮੁੱਖ ਮੰਤਰੀ ਚੰਨੀ ਨੇ ਅਮਰਿੰਦਰ ਸਿੰਘ ਦੇ ਨੇੜਲੇ ਸਾਥੀਆਂ ਤੋਂ ਲੈ ਕੇ ਪੰਜਾਬ ਸਰਕਾਰ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦੌਰਾਈ ਰੱਖਿਆ ਪਰ ਦੋਵਾਂ ਦਾ ਮੇਲ ਨਾ ਹੋ ਸਕਿਆ।

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ

ਸੂਤਰ ਦੱਸਦੇ ਹਨ ਕਿ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਸਹੁੰ ਚੁੱਕ ਸਮਾਗਮ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਸੱਦਾ ਦੇਣ ਲਈ ਉਤਾਵਲੇ ਸਨ ਤੇ ਉਨ੍ਹਾਂ ਦੀ ਇੱਛਾ ਵੀ ਸੀ ਕਿ ਮੁੱਖ ਮੰਤਰੀ ਸਹੁੰ ਚੁੱਕ ਸਮਾਗਮ ਵਿੱਚ ਸ਼ਿਰਕਤ ਕਰਨ ਪਰ ਉਨ੍ਹਾਂ ਦੀਆਂ ਆਸਾਂ ਨੂੰ ਬੂਰ ਨਾ ਪੈ ਸਕਿਆ। ਸੂਤਰਾਂ ਦਾ ਇਹ ਵੀ ਦੱਸਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਉਹ ਗਲਤੀ ਨਹੀਂ ਦੁਹਰਾਉਣਾ ਚਾਹੁੰਦੇ, ਜਿਹੜੀ ਉਨ੍ਹਾਂ ਨੇ ਮੁੱਖ ਮੰਤਰੀ ਹੁੰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਤਾਜਪੋਸ਼ੀ ਸਮਾਗਮ ਵੇਲੇ ਕੀਤੀ ਸੀ। ਚੇਤੇ ਕਰਾ ਦੇਈਏ ਕਿ ਕੈਪਟਨ ਅਮਰਿੰਦਰ ਸਿੰਘ ਸਿੱਧੂ ਉੱਤੇ ਮੁਆਫ਼ੀ ਮੰਗਣ ਦੀ ਸ਼ਰਤ ਲਾ ਕੇ ਵੀ ਤਾਜਪੋਸ਼ੀ ਸਮਾਗਮ ਵਿੱਚ ਚਲੇ ਗਏ ਸਨ। ਨਵਜੋਤ ਸਿੰਘ ਸਿੱਧੂ ਵੱਲੋਂ ਕੈਪਟਨ ਨੂੰ ਅੱਖੋਂ ਪਰੋਖੇ ਕਰਨ ਦੇ ਜ਼ਖ਼ਮ ਹਾਲੇ ਅੱਲ੍ਹੇ ਲੱਗਦੇ ਹਨ।

ਸੋਮਵਾਰ ਸਵੇਰੇ ਅਮਰਿੰਦਰ ਸਿੰਘ ਤੱਕ ਇਹ ਸੁਨੇਹਾ ਪਹੁੰਚਿਆ ਕਿ ਚਰਨਜੀਤ ਸਿੰਘ ਚੰਨੀ ਉਨ੍ਹਾਂ ਨੂੰ ਮਿਲਣਾ ਚਾਹੁੰਦੇ ਸਨ ਪਰ ਅਮਰਿੰਦਰ ਸਿੰਘ ਸਾਫ਼ ਕਰ ਦਿੱਤਾ ਕਿ ਉਹ ਚਰਨਜੀਤ ਸਿੰਘ ਚੰਨੀ ਨੂੰ ਮਿਲਣ ਲਈ ਤਿਆਰ ਹਨ ਪਰ ਸਹੁੰ ਚੁੱਕ ਸਮਾਗਮ ਵਿੱਚ ਨਹੀਂ ਜਾਣਗੇ। ਉਨ੍ਹਾਂ ਨੇ ਆਪਣੇ ਏਲਚੀ ਰਾਹੀਂ ਸੁਨੇਹਾ ਲਾਇਆ ਕਿ ਉਹ ਸਹੁੰ ਚੁੱਕ ਸਮਾਗਮ ਵਿੱਚ ਨਹੀਂ ਆਉਣਗੇ ਪਰ ਡੇਢ ਵਜੇ ਆਪਣੇ ਘਰ ਚਾਹ ਪੀਣ ਦਾ ਸੱਦਾ ਜ਼ਰੂਰ ਦਿੰਦੇ ਹਨ। ਚਰਨਜੀਤ ਸਿੰਘ ਚੰਨੀ ਨੇ ਏਲਚੀ ਕੋਲ ਚਾਹ ਪੀਣ ਦੀ ਹਾਮੀ ਭਰ ਦਿੱਤੀ ਪਰ ਮੁੱਖ ਮੰਤਰੀ ਦੇ ਤੌਰ ‘ਤੇ ਕੀਤੀ ਪਹਿਲੀ ਕਾਨਫਰੰਸ ਵਿੱਚ ਉਹ ਲੇਟ ਹੋ ਜਾਣ ਕਾਰਨ ਨਹੀਂ ਜਾ ਸਕੇ। ਪਰ ਚੰਨੀ ਨੇ ਇੰਨਾ ਸੁਨੇਹਾ ਜ਼ਰੂਰ ਲਾ ਦਿੱਤਾ ਕਿ ਉਹ ਮੰਗਲਵਾਰ ਨੂੰ ਚਾਹ ਪੀਣ ‘ਤੇ ਜ਼ਰੂਰ ਆਉਣਗੇ। ਅੱਜ ਉਨ੍ਹਾਂ ਨੂੰ ਹਾਈਕਮਾਂਡ ਦੇ ਸੱਦੇ ਉੱਤੇ ਦਿੱਲੀ ਜਾਣਾ ਪੈ ਗਿਆ ਹੈ ਜਿਸ ਕਰਕੇ ਦੋਵਾਂ ਦੀ ਮੁਲਾਕਾਤ ਦੀ ਹਾਈਡ ਐਂਡ ਸੀਕ (Hide and seek) ਦੀ ਗੇਮ ਚੱਲ ਰਹੀ ਹੈ।

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ

ਹਾਂ, ਇੱਥੇ ਇਹ ਵੀ ਦੱਸਣਾ ਜ਼ਰੂਰੀ ਹੋਵੇਗਾ ਕਿ ਮੁੱਖ ਮੰਤਰੀ ਆਪਣੇ ਰੁਝੇਵਿਆਂ ਤੋਂ ਵਿਹਲੇ ਹੋ ਕੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਅਤੇ ਵਿਧਾਇਕ ਪਰਗਟ ਸਿੰਘ ਦੇ ਘਰ ਦੁਪਹਿਰ ਦੇ ਖਾਣੇ ‘ਤੇ ਚਲੇ ਗਏ, ਜਿੱਥੇ ਉਨ੍ਹਾਂ ਨੇ ਚਾਲੀ ਤੋਂ ਵੱਧ ਵਿਧਾਇਕਾਂ ਦੇ ਨਾਲ ਗੈਰ-ਰਸਮੀ ਮੁਲਾਕਾਤ ਕੀਤੀ। ਉਂਝ ਵੀ ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਨ ਤੋਂ ਬਾਅਦ ਪਰਗਟ ਸਿੰਘ ਤਾਕਤ ਦੇ ਦੂਜੇ ਥੰਮ੍ਹ ਵਜੋਂ ਜਾਣੇ ਜਾਂਦੇ ਹਨ।

ਕਾਂਗਰਸ ਦੇ ਅੰਦਰੂਨੀ ਸੂਤਰ ਦੱਸਦੇ ਹਨ ਕਿ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹਰ ਹੀਲੇ ਆਪਣੇ ਨਾਲ ਲੈ ਕੇ ਚੱਲਣਾ ਚਾਹੁੰਦੇ ਹਨ। ਇਸ ਕਰਕੇ ਉਹ ਅਗਲੇ ਦਿਨੀਂ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮੁਲਾਕਾਤ ਲਈ ਜ਼ਰੂਰ ਸਮਾਂ ਕੱਢਣਗੇ। ਸੂਤਰਾਂ ਦਾ ਇਹ ਵੀ ਦੱਸਣਾ ਹੈ ਕਿ ਉਹ ਕੈਪਟਨ ਅਮਰਿੰਦਰ ਸਿੰਘ ਦੇ ਸਿਸਵਾਂ ਫਾਰਮ ਹਾਊਸ ਚੱਲ ਕੇ ਜਾਣ ਨੂੰ ਤਿਆਰ ਹਨ। ਇਹ ਵੱਖਰੀ ਗੱਲ ਹੈ ਕਿ ਮੁੱਖ ਮੰਤਰੀ ਅਤੇ ਸਾਬਕਾ ਮੁੱਖ ਮੰਤਰੀ ਵਿੱਚ ਮੀਟਿੰਗ ਦਾ ਸਬੱਬ ਨਹੀਂ ਬਣ ਰਿਹਾ ਪਰ ਉਹ ਆਪ ਚੱਲ ਕੇ ਜਾਣ ਲਈ ਤਿਆਰ ਹਨ। ਉਨ੍ਹਾਂ ਦੇ ਨਾਲ ਉਪ ਮੁੱਖ ਮੰਤਰੀ ਓਪੀ ਸੋਨੀ ਵੀ ਜਾਣ ਦੀ ਇੱਛਾ ਰੱਖਦੇ ਹਨ। ਦੂਜੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਕੈਪਟਨ ਅਮਰਿੰਦਰ ਸਿੰਘ ਨਾਲ ਚਾਰ ਮਹੀਨਿਆਂ ਤੋਂ ਨਰਾਜ਼ਗੀ ਚੱਲ ਰਹੀ ਹੈ। ਪਤਾ ਇਹ ਵੀ ਲੱਗਾ ਹੈ ਕਿ ਚਾਰ ਮਹੀਨਿਆਂ ਤੋਂ ਦੋਵਾਂ ਵਿੱਚੋਂ ਕਿਸੇ ਨੇ ਵੀ ਇੱਕ-ਦੂਜੇ ਦੇ ਨਾਲ ਫੋਨ ‘ਤੇ ਗੱਲਬਾਤ ਨਹੀਂ ਕੀਤੀ। ਰੰਧਾਵਾ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਕੈਬਨਿਟ ਦੀ ਇੱਕ ਮੀਟਿੰਗ ਵਿੱਚ ਉਨ੍ਹਾਂ ਨੂੰ ਅਜਿਹੇ ਕੌੜੇ ਸ਼ਬਦ ਕਹਿ ਦਿੱਤੇ ਸਨ, ਜਿਨ੍ਹਾਂ ਨੂੰ ਸੁਣਨ ਤੋਂ ਬਾਅਦ ਉਨ੍ਹਾਂ ਨੇ ਉਸੇ ਵੇਲੇ ਅਸਤੀਫ਼ਾ ਦੇ ਦਿੱਤਾ ਸੀ। ਰੰਧਾਵਾ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਦੇ ਸ਼ਬਦਾਂ ਨੇ ਉਸਦੀ ਅਣਖ ਨੂੰ ਵੰਗਾਰਿਆ ਸੀ, ਜਿਸਨੂੰ ਭੁੱਲਣਾ ਜੇ ਅਸੰਭਵ ਨਹੀਂ ਤਾਂ ਮੁਸ਼ਕਿਲ ਜ਼ਰੂਰ ਹੈ।

ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਉਪੀ ਸੋਨੀ

ਮੁੱਖ ਮੰਤਰੀ ਅਤੇ ਸਾਬਕਾ ਮੁੱਖ ਮੰਤਰੀ ਦਾ ਮੇਲ ਕਦੋਂ ਹੁੰਦਾ ਹੈ ਜਾਂ ਲੁਕਣ ਮੀਟੀ ਗੇਮ ਹੋਰ ਕਿੰਨੇ ਦਿਨ ਚੱਲੇਗੀ, ਇਹ ਸਮੇਂ ‘ਤੇ ਨਿਰਭਰ ਕਰਦਾ ਹੈ ਕਿਉਂਕਿ ਚਰਨਜੀਤ ਸਿੰਘ ਚੰਨੀ ਵੱਲੋਂ ਨਵੀਂ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਰੁਝੇਵੇਂ ਵੱਧ ਗਏ ਹਨ। ਅੱਜ ਹਾਈਕਮਾਂਡ ਦੇ ਸੱਦੇ ‘ਤੇ ਦਿੱਲੀ ਹਨ। ਭਲਕ ਜਾਂ ਪਰਸੋਂ ਕੈਬਨਿਟ ਵਿਸਥਾਰ ਦੀ ਸੰਭਾਵਨਾ ਬਣ ਰਹੀ ਹੈ।