Punjab

ਹੁਣ ਘਰੋਂ ਨਹੀਂ ਦਫ਼ਤਰਾਂ ਤੋਂ ਹੋਣਗੇ ਸਾਰੇ ਕੰਮ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪਹਿਲੀ ਕੈਬਨਿਟ ਮੀਟਿੰਗ ਵਿੱਚ ਅਧਿਕਾਰੀਆਂ ਅਤੇ ਮੁਲਾਜ਼ਮਾਂ ਲਈ ਵੀ ਇੱਕ ਅਹਿਮ ਐਲਾਨ ਕੀਤਾ ਹੈ, ਜੋ ਸ਼ਾਇਦ ਕਈ ਅਧਿਕਾਰੀਆਂ ਨੂੰ ਵਧੀਆ ਲੱਗੇ ਅਤੇ ਕਈ ਨੱਕ-ਮੂੰਹ ਫੇਰਨ। ਚਰਨਜੀਤ ਸਿੰਘ ਚੰਨੀ ਨੇ ਸਾਰੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਸਵੇਰ 9 ਵਜੇ ਆਪਣੇ ਦਫ਼ਤਰਾਂ ਵਿੱਚ ਪਹੁੰਚਣ ਦੀ ਹਦਾਇਤ ਦਿੱਤੀ ਹੈ।

ਅਮਲਾ ਵਿਭਾਗ ਨੇ ਅੱਜ ਮੁੱਖ ਮੰਤਰੀ ਚੰਨੀ ਦੇ ਹੁਕਮਾਂ ’ਤੇ ਇੱਕ ਪੱਤਰ ਜਾਰੀ ਕਰਕੇ ਸਮੂਹ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਆਪੋ-ਆਪਣੇ ਦਫਤਰਾਂ ਵਿੱਚ ਸਵੇਰੇ 9 ਵਜੇ ਹਾਜ਼ਰੀ ਯਕੀਨੀ ਬਣਾਉਣ ਲਈ ਕਿਹਾ ਹੈ। ਇਸ ਦੇ ਨਾਲ ਹੀ ਅਧਿਕਾਰੀਆਂ ਨੂੰ ਕੰਮਕਾਜ ਵਿੱਚ ਪਾਰਦਰਸ਼ਤਾ ਲਿਆਉਣ ਤੇ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਦੀ ਵੀ ਹਦਾਇਤ ਕੀਤੀ ਗਈ ਹੈ। ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਹਦਾਇਤ ਕੀਤੀ ਕਿ ਸਰਕਾਰੀ ਅਧਿਕਾਰੀ ਹੁਣ ਕੈਂਪ ਦਫਤਰਾਂ ਤੋਂ ਕੰਮ ਕਰਨ ਦੀ ਥਾਂ ਆਪਣੇ ਸਰਕਾਰੀ ਦਫਤਰਾਂ ਵਿੱਚ ਹਾਜ਼ਰ ਰਹਿਣਗੇ। ਆਉਂਦੇ ਦਿਨਾਂ ਵਿੱਚ ਵੱਡੀ ਪੱਧਰ ’ਤੇ ਪ੍ਰਸ਼ਾਸਕੀ ਫੇਰਬਦਲ ਹੋਣ ਦੀ ਵੀ ਸੰਭਾਵਨਾ ਹੈ।

ਸੁਖਜਿੰਦਰ ਸਿੰਘ ਰੰਧਾਵਾ ਨੇ ਇੱਕ ਵਿਅੰਗਆਤਮਕ ਤਰੀਕੇ ਨਾਲ ਟਵੀਟ ਕੀਤਾ, “ਹੁਣ ਘਰੋਂ ਨਹੀਂ ਦਫ਼ਤਰਾਂ ਤੋਂ ਹੋਣਗੇ ਸਾਰੇ ਕੰਮ।” ਇਸ ਟਵੀਟ ਤੋਂ ਇਹ ਅੰਦਾਜ਼ਾ ਲਾਇਆ ਦਾ ਸਕਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਪੰਜਾਬ ਵਿੱਚ ਪ੍ਰਬੰਧ ਵਧੀਆ ਨਹੀਂ ਸੀ ਜਾਂ ਫਿਰ ਕਹਿ ਲਈਏ ਕਿ ਮੰਤਰੀ ਕੈਪਟਨ ਦੀ ਅਗਵਾਈ ਹੇਠ ਚੱਲ ਰਹੀ ਸਰਕਾਰ ਤੋਂ ਖੁਸ਼ ਨਹੀਂ ਸਨ।