Punjab

ਕੈਪਟਨ ਤੋਂ ਪਹਿਲਾਂ ਦਸ ਮੁੱਖ ਮੰਤਰੀਆਂ ਦੇ ਹੱਥੋਂ ਖਿਸਕ ਗਈ ਸੀ ਕੁਰਸੀ

– ਕਮਲਜੀਤ ਸਿੰਘ ਬਨਵੈਤ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ 11ਵੇਂ ਮੁੱਖ ਮੰਤਰੀ ਹਨ, ਜਿਨ੍ਹਾਂ ਨੇ ਆਪਣੇ ਅਹੁਦੇ ਦੀ ਮਿਆਦ ਮੁੱਕਣ ਤੋਂ ਪਹਿਲਾਂ ਅਸਤੀਫ਼ਾ ਦਿੱਤਾ ਹੈ। ਪੰਜਾਬ ਦੇ ਪੁਨਰਗਠਨ ਤੋਂ ਬਾਅਦ ਗਿਆਨੀ ਗੁਰਮੁਖ ਸਿੰਘ ਮੁਸਾਫਿਰ ਨੂੰ 127 ਦਿਨਾਂ ਬਾਅਦ ਹੀ ਮੁੱਖ ਮੰਤਰੀ ਦੀ ਕੁਰਸੀ ਛੱਡਣੀ ਪੈ ਗਈ ਸੀ। ਕੈਪਟਨ ਨੇ ਸਿਆਸੀ ਅਹੁਦੇ ਤੋਂ ਪੰਜਵੀਂ ਵਾਰ ਅਸਤੀਫਾ ਦਿੱਤਾ ਹੈ। ਉਂਝ, ਉਹ ਫੌਜ ਵਿੱਚੋਂ ਵੀ ਕਮਿਸ਼ਨ ਅੱਧ-ਵਿਚਾਲੇ ਛੱਡ ਕੇ ਵਾਪਸ ਆ ਗਏ ਸਨ। ਕਾਂਗਰਸ ਦੇ ਦੋ ਹਰਚਰਨ ਸਿੰਘ ਬਰਾੜ ਅਤੇ ਬੀਬੀ ਰਜਿੰਦਰ ਕੌਰ ਭੱਠਲ ਨੂੰ ਸਭ ਤੋਂ ਘੱਟ ਸਿਰਫ਼ 82 ਦਿਨਾਂ ਲਈ ਹੀ ਮੁੱਖ ਮੰਤਰੀ ਦੀ ਕੁਰਸੀ ਨਸੀਬ ਹੋਈ ਸੀ। ਤਕਨੀਕੀ ਤੌਰ ‘ਤੇ ਚਰਨਜੀਤ ਸਿੰਘ ਚੰਨੀ ਵੀ ਆਪਣੀ ਪੰਜ ਸਾਲਾਂ ਦੀ ਮਿਆਦ ਪੂਰੀ ਨਹੀਂ ਕਰ ਸਕਣਗੇ।

ਲਛਮਣ ਸਿੰਘ ਗਿੱਲ ਨੂੰ ਵੀ 272 ਦਿਨਾਂ ਲਈ ਹੀ ਮੁੱਖ ਮੰਤਰੀ ਦੀ ਕੁਰਸੀ ‘ਤੇ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਸੀ। ਗਿਆਨੀ ਗੁਰਮੁਖ ਸਿੰਘ ਮੁਸਾਫਿਰ ਦੁਬਾਰਾ ਮੁੱਖ ਮੰਤਰੀ ਤਾਂ ਬਣੇ ਪਰ ਇੱਕ ਸਾਲ ਬਾਅਦ ਹੀ ਅਹੁਦੇ ‘ਤੇ ਨਾ ਟਿਕ ਸਕੇ। ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਵੀ ਦੋ ਵਾਰ ਮੁੱਖ ਮੰਤਰੀ ਦੀ ਕੁਰਸੀ ਅੱਧ-ਵਿਚਾਲੇ ਛੱਡਣੀ ਪਈ। ਇੱਕ ਵਾਰ ਉਹ ਸਿਰਫ 122 ਦਿਨਾਂ ਲਈ ਅਤੇ ਦੂਜੀ ਵਾਰ 242 ਦਿਨਾਂ ਲਈ ਮੁੱਖ ਮੰਤਰੀ ਦੀ ਕੁਰਸੀ ‘ਤੇ ਟਿਕ ਸਕੇ ਸਨ। ਅਕਾਲੀ ਦਲ ਦੇ ਸੁਰਜੀਤ ਸਿੰਘ ਬਰਨਾਲਾ ਦਾ ਨਾਂ ਵੀ ਮੁੱਖ ਮੰਤਰੀ ਵਜੋਂ ਪੰਜ ਸਾਲਾਂ ਦੀ ਟਰਮ ਪੂਰੀ ਨਾ ਕਰਨ ਵਿੱਚ ਸ਼ਾਮਿਲ ਹੈ। ਕਾਂਗਰਸ ਦੇ ਬੇਅੰਤ ਸਿੰਘ ਦੀ ਸਿਵਲ ਸਕੱਤਰੇਤ ਮੂਹਰੇ 31 ਅਗਸਤ 1995 ਨੂੰ ਹੱਤਿਆ ਹੋ ਗਈ ਸੀ ਅਤੇ ਉਹ ਵੀ ਆਪਣੀ ਮਿਆਦ ਪੂਰੀ ਨਾ ਕਰ ਸਕੇ। ਉਨ੍ਹਾਂ ਨੇ 1992 ਵਿੱਚ ਬੜੀਆਂ ਘੱਟ ਵੋਟਾਂ ਦੇ ਨਾਲ ਚੋਣ ਜਿੱਤੀ ਸੀ। ਉਨ੍ਹਾਂ ਤੋਂ ਬਾਅਦ ਹਰਚਰਨ ਸਿੰਘ ਬਰਾੜ ਨੂੰ ਮੁੱਖ ਮੰਤਰੀ ਦੀ ਕੁਰਸੀ ‘ਤੇ ਬਿਠਾਇਆ ਗਿਆ ਪਰ ਬੀਬੀ ਰਜਿੰਦਰ ਕੌਰ ਭੱਠਲ ਦੇ ਵਿਰੋਧ ਕਾਰਨ ਉਹ ਮਸਾਂ 82 ਦਿਨ ਹੀ ਟਿਕ ਸਕੇ। ਬੀਬੀ ਰਜਿੰਦਰ ਕੌਰ ਭੱਠਲ ਵੀ 82 ਦਿਨਾਂ ਲਈ ਹੀ ਮੁੱਖ ਮੰਤਰੀ ਰਹਿ ਸਕੇ ਸਨ। ਕੈਪਟਨ ਅਮਰਿੰਦਰ ਸਿੰਘ ਵੱਲੋਂ ਦੋ ਦਿਨ ਪਹਿਲਾਂ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਂਭੇ ਹੋ ਜਾਣ ਨਾਲ ਉਹ ਵੀ ਸਿਰਫ 185 ਦਿਨਾਂ ਲਈ ਮੌਕਾ ਮਿਲ ਸਕਿਆ। ਇਹ ਉਨ੍ਹਾਂ ਦੀ ਦੂਜੀ ਪਾਰੀ ਸੀ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 18 ਸਤੰਬਰ ਦਿੱਤਾ ਗਿਆ ਪੰਜਵਾਂ ਅਸਤੀਫਾ ਹੈ। ਪਹਿਲਾਂ ਉਨ੍ਹਾਂ ਨੇ ਹਰਿਮੰਦਰ ਸਾਹਿਬ ‘ਤੇ ਹੋਏ ਹਮਲੇ ਦੇ ਖਿਲਾਫ 1984 ਵਿੱਚ ਮੈਂਬਰ ਪਾਰਲੀਮੈਂਟ ਦੀ ਸੀਟ ਛੱਡ ਦਿੱਤੀ ਸੀ। ਉਹ 1984 ਵਿੱਚ ਪਟਿਆਲਾ ਤੋਂ ਲੋਕ ਸਭਾ ਦੇ ਮੈਂਬਰ ਚੁਣੇ ਗਏ ਸਨ। ਹਰਿਮੰਦਰ ਸਾਹਿਬ ‘ਤੇ ਹਮਲਾ ਉਨ੍ਹਾਂ ਦੀ ਆਪਣੀ ਪਾਰਟੀ ਕਾਂਗਰਸ ਦੀ ਕੇਂਦਰ ਸਰਕਾਰ ਵੱਲੋਂ ਕੀਤਾ ਗਿਆ ਸੀ। ਉਨ੍ਹਾਂ ਨੇ ਰੋਸ ਵਜੋਂ ਕਾਂਗਰਸ ਦੀ ਮੈਂਬਰਸ਼ਿਪ ਹੀ ਛੱਡ ਦਿੱਤੀ ਸੀ। ਇਸ ਤੋਂ ਬਾਅਦ ਉਹ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ ਅਤੇ 1985 ਵਿੱਚ ਤਲਵੰਡੀ ਸਾਬੋ ਤੋਂ ਵਿਧਾਇਕ ਚੁਣੇ ਗਏ ਅਤੇ ਬਰਨਾਲਾ ਸਰਕਾਰ ਵਿੱਚ ਕੈਬਨਿਟ ਮੰਤਰੀ ਬਣੇ। ਇਸ ਦੌਰਾਨ ਅਪ੍ਰੈਲ 1986 ਵਿੱਚ ਸ੍ਰੀ ਹਰਿਮੰਦਰ ਸਾਹਿਬ ਵਿੱਚ ਪੁਲਿਸ ਦੇ ਦਾਖਲ ਹੋਣ ਦੇ ਰੋਸ ਵਜੋਂ ਉਨ੍ਹਾਂ ਨੇ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ। ਪੁਲਿਸ ਦੇ ਦਾਖਲੇ ਨੂੰ ਬਲੈਕ ਥੰਡਰ ਦਾ ਨਾਂ ਪੈ ਗਿਆ ਸੀ। ਇਸੇ ਤਰ੍ਹਾਂ 2014 ਵਿੱਚ ਅੰਮ੍ਰਿਤਸਰ ਤੋਂ ਕਾਂਗਰਸ ਤਰਫੋਂ ਲੋਕ ਸਭਾ ਮੈਂਬਰ ਚੁਣੇ ਜਾਣ ਉੱਤੇ ਉਨ੍ਹਾਂ ਨੇ ਪਟਿਆਲਾ ਸ਼ਹਿਰੀ ਹਲਕੇ ਦੇ ਵਿਧਾਇਕ ਵਜੋਂ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਬਾਅਦ ਇਸੇ ਸੀਟ ਤੋਂ ਉਨ੍ਹਾਂ ਦੀ ਪਤਨੀ ਪ੍ਰਨੀਤ ਕੌਰ ਵਿਧਾਇਕ ਚੁਣੀ ਗਈ ਸੀ। ਪਰ 2017 ਦੀਆਂ ਪਿਛਲੀਆਂ ਵਿਧਾਨ ਸਭਾ ਚੋਣਾਂ ਵੇਲੇ ਕੈਪਟਨ ਅਮਰਿੰਦਰ ਸਿੰਘ ਅੰਮ੍ਰਿਤਸਰ ਦੇ ਸੰਸਦ ਮੈਂਬਰ ਵਜੋਂ ਅਸਤੀਫਾ ਦੇ ਦਿੱਤਾ ਸੀ। ਦੋ ਦਿਨ ਪਹਿਲਾਂ ਉਨ੍ਹਾਂ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ।

ਉਨ੍ਹਾਂ ਦੀ ਫੌਜ ਦੀ ਨੌਕਰੀ ਬਾਰੇ ਗੱਲ ਕਰੀਏ ਤਾਂ ਅਮਰਿੰਦਰ ਸਿੰਘ 1963 ਵਿੱਚ ਆਰਮੀ ਅਫ਼ਸਰ ਵਜੋਂ ਭਰਤੀ ਹੋਏ ਸਨ ਪਰ ਸਿਆਸਤ ਦੀ ਚੇਟਕ ਕਾਰਨ ਉਨ੍ਹਾਂ ਨੇ ਦੋ ਸਾਲਾਂ ਬਾਅਦ 1965 ਵਿੱਚ ਨੌਕਰੀ ਛੱਡ ਦਿੱਤੀ। ਉਂਝ, ਉਨ੍ਹਾਂ ਨੇ ਭਾਰਤ-ਪਾਕਿਸਤਾਨ ਦੀ ਜੰਗ ਲੜਨ ਮੌਕੇ ਫੌਜ ਵਿੱਚ ਵਾਪਸ ਜਾ ਕੇ ਆਪਣੀ ਡਿਊਟੀ ਸੰਭਾਲ ਲਈ ਸੀ। ਜੰਗ ਮੁੱਕਣ ਤੋਂ ਬਾਅਦ ਉਹ ਮੁੜ ਘਰੇ ਆ ਗਏ।

ਸੰਪਰਕ : 98147-34035