Punjab

ਫੌਜੀ ਦੀ ਤਰ੍ਹਾਂ ਲੜਨ ਵਾਲੇ ਕਪਤਾਨ ਨੇ ਕੀਤਾ ਆਤਮ ਸਮਰਪਣ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਆਪਣਾ ਅਸਤੀਫਾ ਰਾਜਪਾਲ ਨੂੰ ਸੌਂਪਿਆ ਹੈ। ਅਸਤੀਫ਼ਾ ਦੇਣ ਤੋਂ ਬਾਅਦ ਰਾਜ ਭਵਨ ਦੇ ਬਾਹਰ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ, ਭਵਿੱਖ ਬਾਰੇ ਹਾਲੇ ਕੁੱਝ ਨਹੀਂ ਕਹਿਣਗੇ। ਪਰ ਨਾਲ ਹੀ ਕਿਹਾ ਕਿ ਕਈ ਸਾਰੀਆਂ ਸੰਭਾਵਨਾਵਾਂ ਸਾਹਮਣੇ ਹਨ ਪਰ ਉਹ ਫੈਸਲਾ ਆਪਣੇ ਸਾਥੀਆਂ ਦੇ ਨਾਲ ਸਲਾਹ ਕਰਨ ਤੋਂ ਬਾਅਦ ਲੈਣਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਸਾਹਮਣੇ ਕਈ ਸਾਰੀਆਂ ਸੰਭਾਵਨਾਵਾਂ ਹਨ ਅਤੇ ਉਹ ਇਨ੍ਹਾਂ ਦਾ ਪੂਰਾ ਲਾਭ ਉਠਾਉਣਗੇ। ਉਨ੍ਹਾਂ ਕਿਹਾ ਕਿ ਮੇਰਾ ਅਪਮਾਨ ਕੀਤਾ ਗਿਆ, ਹਾਈਕਮਾਂਡ ਨੂੰ ਜੋ ਪਸੰਦ ਹੈ, ਉਸ ਨੂੰ ਮੁੱਖ ਮੰਤਰੀ ਬਣਾ ਲੈਣ। 

ਉਨ੍ਹਾਂ ਨੇ ਪਾਰਟੀ ਹਾਈਕਮਾਂਡ ਦੇ ਨਾਲ ਨਰਾਜ਼ਗੀ ਜਤਾਉਂਦਿਆਂ ਕਿਹਾ ਕਿ ਪਾਰਟੀ ਪ੍ਰਧਾਨ ਵੱਲੋਂ ਤਿੰਨ ਵਾਰ ਬੇਇੱਜ਼ਤ ਕੀਤਾ ਗਿਆ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਇਹ ਲੱਗਣ ਲੱਗਾ ਕਿ ਪਾਰਟੀ ਹਾਈਕਮਾਂਡ ਨੂੰ ਜਿਵੇਂ ਉਨ੍ਹਾਂ ‘ਤੇ ਭਰੋਸਾ ਨਾ ਰਿਹਾ ਹੋਵੇ। ਉਨ੍ਹਾਂ ਅੱਗੇ ਕਿਹਾ ਕਿ ਪਾਰਟੀ ਜਿਸ ਬੰਦੇ ਉੱਤੇ ਭਰੋਸਾ ਲੱਗਦਾ ਹੈ, ਉਸਨੂੰ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਸੌਂਪ ਦੇਵੇ। ਪਾਰਟੀ ਹਾਈਕਮਾਂਡ ਪ੍ਰਤੀ ਨਰਾਜ਼ਗੀ ਬਾਰੇ ਉਨ੍ਹਾਂ ਇੱਕ ਤੋਂ ਵੱਧ ਵਾਰ ਗੱਲ ਕਰਦਿਆਂ ਕਿਹਾ ਕਿ ਉਹ ਪਾਰਟੀ ਸੁਪਰੀਮੋ ਸੋਨੀਆ ਗਾਂਧੀ ਨੂੰ ਅਸਤੀਫੇ ਬਾਰੇ ਸਵੇਰੇ ਹੀ ਜਾਣਕਾਰੀ ਦੇ ਚੁੱਕੇ ਹਨ। ਅਸਤੀਫਾ ਦੇਣ ਵੇਲੇ ਉਨ੍ਹਾਂ ਦੀ ਪਤਨੀ ਅਤੇ ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ, ਪੁੱਤਰ ਰਣਇੰਦਰ ਸਿੰਘ ਅਤੇ ਸਲਾਹਕਾਰ ਭਰਤਇੰਦਰ ਸਿੰਘ ਚਹਿਲ ਰਾਜ ਭਵਨ ਲਈ ਨਾਲ ਗਏ। ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਦੇ ਬੀਤੇ ਜੀਵਨ ਉੱਤੇ ਝਾਤ ਮਾਰੀਏ ਤਾਂ ਉਹ ਲੜਨ ਵਾਲੇ ਫੌਜੀ ਵਜੋਂ ਜਾਣੇ ਜਾਂਦੇ ਰਹੇ ਹਨ। ਸਮਰਪਣ ਕਰਨਾ ਉਨ੍ਹਾਂ ਦੀ ਫਿਤਰਤ ਨਹੀਂ ਰਹੀ। ਇਸਦੇ ਉਲਟ ਉਹ ਇਸ ਵਾਰ ਬਹੁਤੀ ਵਾਰ ਪਾਰਟੀ ਹਾਈਕਮਾਂਡ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਨਾਲ ਸਮਝੌਤਾ ਕਰਦੇ ਹੋਏ ਨਜ਼ਰ ਆਏ ਹਨ।

ਦੂਜੇ ਪਾਸੇ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਸ਼ੁਰੂ ਹੋ ਗਈ ਹੈ। ਮੀਟਿੰਗ ਵਿੱਚ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੂੰ ਨੇਤਾ ਚੁਣੇ ਜਾਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਇਸ ਤੋਂ ਬਿਨਾਂ ਦੋ ਡਿਪਟੀ ਮੁੱਖ ਮੰਤਰੀ ਲਾਏ ਜਾਣ ਦੀ ਵੀ ਚਰਚਾ ਹੈ।

Comments are closed.