‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੀ ਘਟਨਾ ਦਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਦੋਸ਼ੀ ਦੀ ਬੈਕਗਰਾਊਂਡ ਪੁਲਿਸ ਪਤਾ ਕਰ ਰਹੀ ਹੈ। ਪੁਲਿਸ ਤਫ਼ਤੀਸ਼ ਵਿੱਚ ਸਾਹਮਣੇ ਆਇਆ ਹੈ ਕਿ ਇਹ ਵਿਅਕਤੀ ਗੁੰਡਾ ਅਨਸਰਾਂ ਦੇ ਨਾਲ ਸਬੰਧ ਰੱਖਦਾ ਹੈ। ਤਫ਼ਤੀਸ਼ ਵਿੱਚ ਬਹੁਤ ਸਾਰੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਹੈ। ਅਸੀਂ ਪ੍ਰਸ਼ਾਸਨ ਨੂੰ ਮਾਮਲੇ ਦੀ ਜਲਦੀ ਜਾਂਚ ਕਰਨ ਦੀ ਅਪੀਲ ਕੀਤੀ ਹੈ।
ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਇਸ ਘਟਨਾ ਦੀ ਸ਼ਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਇਸ ਘਟਨਾ ਨੇ ਸਿੱਖ ਸੰਗਤ ਦੇ ਹਿਰਦੇ ਵਲੂੰਧਰੇ ਹਨ। ਜਥੇਦਾਰ ਨੇ ਕਿਹਾ ਕਿ ਮੇਰੀ ਜਾਣਕਾਰੀ ਮੁਤਾਬਕ ਦੋਸ਼ੀ ਦੀਆਂ ਤਾਰਾਂ ਸਿੱਧੇ ਤੌਰ ‘ਤੇ ਸੌਦੇ ਸਾਧ ਨਾਲ ਜੁੜੀਆਂ ਹਨ। ਸੌਦੇ ਸਾਧ ਦੀ ਸੱਤ ਮੈਂਬਰੀ ਕਮੇਟੀ ਦਾ ਮੈਂਬਰ ਇਸ ਦੋਸ਼ੀ ਦਾ ਬਾਪ ਹੈ ਅਤੇ ਇਸਦਾ ਵਿਆਹ ਵੀ ਸੌਦੇ ਸਾਧ ਦੇ ਡੇਰੇ ਵਿੱਚ ਹੋਇਆ ਹੈ। ਇਹ ਆਪ ਵੀ ਸੌਦੇ ਸਾਧ ਦਾ ਬਹੁਤ ਵੱਡਾ ਚੇਲਾ ਹੈ। ਇਹ ਜਦੋਂ 9 ਵਜੇ ਘਰੋਂ ਨਿਕਲਿਆ ਤਾਂ ਇਸਦਾ ਲਗਾਤਾਰ ਫੋਨ ਉੱਤੇ ਰਾਬਤਾ ਇਸਦੀ ਘਰਵਾਲੀ ਨਾਲ ਸੀ। ਪੁਲਿਸ ਨੇ ਇਸ ਨੂੰ ਫੜ੍ਹਿਆ ਹੈ। ਅਸੀਂ ਇਹ ਚਾਹੁੰਦੇ ਹਾਂ ਕਿ ਸਰਕਾਰ ਇਸ ਪਿੱਛੇ ਕੰਮ ਕਰ ਰਹੀਆਂ ਤਾਕਤਾਂ ਬਾਰੇ ਦੱਸੇ। ਜੇ ਇਸ ਘਟਨਾ ਪਿੱਛੇ ਸੌਦਾ ਸਾਧ ਦਾ ਹੱਥ ਆਉਂਦਾ ਹੈ ਤਾਂ ਉਸਦੇ ਪਿੱਛੇ ਦੀਆਂ ਵੱਡੀਆਂ ਤਾਕਤਾਂ ਬਾਰੇ ਪਤਾ ਲਗਾਇਆ ਜਾਵੇ। ਇਸਦੀ ਘਰਵਾਲੀ ਉੱਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ। ਜਥੇਦਾਰ ਨੇ ਅਮਰੀਕਾ ਦੀ ਸਿੱਖ ਜਥੇਬੰਦੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਮਰੀਕਾ ਵਿੱਚੋਂ ਇਸਨੂੰ ਜੋ ਵੀ ਪੈਸੇ ਭੇਜਦਾ ਹੈ, ਉਸਦਾ ਖੁਰਾ ਖੋਜ ਲੱਭਿਆ ਜਾਵੇ, ਜੋ ਅਜਿਹੀਆਂ ਘਟੀਆਂ ਕਾਰਵਾਈਆਂ ਕਰਨ ਲਈ ਉਕਸਾਉਂਦਾ ਹੈ। ਅਸੀਂ ਵੀ ਉਸਨੂੰ ਲੱਭਣ ਵਿੱਚ ਸਹਾਇਤਾ ਕਰਾਂਗੇ। ਸੌਦਾ ਸਾਧ ਉੱਤੇ ਵੀ ਮਾਮਲਾ ਦਰਜ ਹੋਣਾ ਚਾਹੀਦਾ ਹੈ ਅਤੇ ਜਿਹੜੀ ਡੇਰੇ ਦਾ ਪ੍ਰਬੰਧ ਕਰਨ ਵਾਲੀ ਪ੍ਰਬੰਧਕ ਕਮੇਟੀ ਖਿਲਾਫ ਵੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।