‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਰਨਾਲ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਨੇ ਕਿਹਾ ਹੈ ਕਿ ਅੱਜ ਕਰਨਾਲ ਦੀ ਅਨਾਜ ਮੰਡੀ ਵਿੱਚ ਹੋ ਰਹੀ ਕਿਸਾਨ ਮਹਾਂਪੰਚਾਇਤ ਦੇ ਸਬੰਧ ਵਿੱਚ ਜਾਣਕਾਰੀ ਮਿਲੀ ਹੈ ਕਿ ਰੰਬਾ, ਨਿਸਿੰਗ ਅਤੇ ਹੋਰ ਸਥਾਨਾਂ ‘ਤੇ ਕੁੱਝ ਸ਼ਰਾਰਤੀ ਅਨਸਰ ਜੈਲੀ, ਤਲਵਾਰਾਂ, ਲੋਹੇ ਦੀਆਂ ਪਾਈਪਾਂ ਆਦਿ ਖ਼ਤਰਨਾਕ ਵਸਤੂਆਂ ਦੇ ਨਾਲ ਮਹਾਂਪੰਚਾਇਤ ਵਿੱਚ ਸ਼ਾਮਿਲ ਹੋਣ ਲਈ ਪਹੁੰਚੇ ਹੋਏ ਹਨ। ਇਹ ਇਨ੍ਹਾਂ ਸ਼ਰਾਰਤੀ ਅਨਸਰਾਂ ਦੀ ਬਦਨੀਤੀ, ਅਸ਼ਾਂਤੀ ਅਤੇ ਕਾਨੂੰਨ ਵਿਵਸਥਾ ਨੂੰ ਵਿਗਾੜਨ ਦੀ ਨੀਤੀ ਨੂੰ ਦਰਸਾਉਂਦਾ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਕਿਸਾਨ ਲੀਡਰਾਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਪੱਧਰ ‘ਤੇ ਕਦਮ ਉਠਾਉਂਦਿਆਂ ਹੋਇਆ ਇਸ ਤਰ੍ਹਾਂ ਦੇ ਸ਼ਰਾਰਤੀ ਅਨਸਰਾਂ ਨੂੰ ਉੱਥੋਂ ਜਾਣ ਦੀ ਅਪੀਲ ਕਰਨ।
ਪ੍ਰਸ਼ਾਸਨ ਨੇ ਕਿਹਾ ਕਿ ਉਕਤ ਸ਼ਰਾਰਤੀ ਅਨਸਰ ਆਪਣੇ ਲੀਡਰਾਂ ਦੀ ਨਹੀਂ ਸੁਣ ਰਹੇ ਅਤੇ ਧਰਨਾ ਸਥਾਨ ਛੱਡ ਕੇ ਨਹੀਂ ਜਾ ਰਹੇ। ਪ੍ਰਸ਼ਾਸਨ ਨੇ ਸ਼ਰਾਰਤੀ ਅਨਸਰਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਕਿਸੇ ਵੀ ਤਰੀਕੇ ਕਾਨੂੰਨ ਦੀ ਉਲੰਘਣਾ ਨਾ ਕਰਨ ਅਤੇ ਕਾਨੂੰਨ ਵਿਵਸਥਾ ਬਣਾ ਕੇ ਰੱਖਣ। ਕਾਨੂੰਨ ਦੀ ਉਲੰਘਣਾ ਹੋਣ ‘ਤੇ ਉਨ੍ਹਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।