‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਸੰਯੁਕਤ ਅਰਬ ਅਮੀਰਾਤ ਯਾਨੀ ਕਿ ਯੂਏਈ ਨੇ ਇੱਕ ਵੱਡਾ ਫੈਸਲਾ ਕਰਦਿਆਂ ਵੀਜ਼ਾ ਨਿਯਮਾਂ ਵਿੱਚ ਢਿੱਲ ਕੀਤਾ ਹੈ। ਇਸ ਨਾਲ ਦੂਜੇ ਦੇਸ਼ਾਂ ਤੋਂ ਕੰਮ ਲਈ ਆਉਣ ਵਾਲੇ ਲੋਕਾਂ ਨੂੰ ਫਾਇਦਾ ਹੋਵੇਗਾ। ਹੁਣ ਜੇਕਰ ਕੰਮ ਕਰਨ ਵਾਲੇ ਲੋਕਾਂ ਦੀਆਂ ਕੰਪਨੀਆਂ ਉਨ੍ਹਾਂ ਨੂੰ ਸਪਾਂਸਰ ਨਹੀਂ ਵੀ ਕਰਦੀਆਂ ਤਾਂ ਵੀ ਉਹ ਕੰਮ ਕਰ ਸਕਣਗੇ।
ਦੱਸ ਦਈਏ ਕਿ ਪਹਿਲਾਂ ਯੂਏਈ ਇਕ ਖਾਸ ਸੀਮਤ ਮਿਆਦ ਤੱਕ ਹੀ ਲੋਕਾਂ ਨੂੰ ਵੀਜ਼ਾ ਦਿੰਦੀ ਸੀ, ਪਰ ਕਈ ਹੋਰ ਦੇਸ਼ ਇਕ ਪੱਕਾ ਸਮਾਂ ਰਹਿਣ ਤੋਂ ਬਾਅਦ ਵਿਦੇਸ਼ੀ ਲੋਕਾਂ ਨੂੰ ਪੱਕੇ ਵਸਨੀਕ ਦਾ ਦਰਜਾ ਦੇ ਦਿੰਦੇ ਸਨ, ਜਿਸਨੂੰ ਲੰਬੇ ਸਮੇਂ ਦਾ ਵੀਜ਼ਾ ਵੀ ਮੰਨਿਆ ਜਾਂਦਾ ਹੈ।ਯੂਏਈ ਵਿੱਚ ਨੌਕਰੀ ਰਹਿਣ ਤੱਕ ਹੀ ਕਿਸੇ ਹੋਰ ਦੇਸ਼ ਦਾ ਵਸਨੀਕ ਉੱਥੇ ਰਹਿ ਸਕਦਾ ਸੀ। ਕਈ ਵਾਰ ਕੰਪਨੀਆਂ ਕੰਮ ਪੂਰਾ ਹੋਣ ਤੋਂ ਬਾਅਦ ਵੀਜ਼ਾ ਖਤਮ ਕਰ ਦਿੰਦੀਆਂ ਸਨ ਤੇ ਦੇਸ਼ ਛੱਡਣਾ ਪੈਂਦਾ ਸੀ।
ਹੁਣ ਵੀਜਾ ਨਿਯਮ ਬਦਲਣ ਨਾਲ ਕਈ ਰਿਆਇਤਾਂ ਮਿਲਣ ਦੀਆਂ ਸੰਭਾਵਨਾ ਹਨ। ਜੇਕਰ ਕਿਸੇ ਕਰਮਚਾਰੀ ਦੀ ਨੌਕਰੀ ਚਲੀ ਜਾਂਦੀ ਹੈ ਤਾਂ ਉਹ ਹੋਰ ਤਿੰਨ ਮਹੀਨੇ ਤੱਕ ਉੱਥੇ ਰਹਿ ਕੇ ਦੂਜੀ ਨੌਕਰੀ ਲੱਭ ਸਕਦਾ ਹੈ। ਇਸਦੇ ਨਾਲ ਹੀ ਉੱਥੇ ਰਹਿ ਰਹੇ ਵਿਦੇਸ਼ੀ ਆਪਣੇ ਮਾਤਾ ਪਿਤਾ ਤੇ 25 ਸਾਲ ਤੱਕ ਦੇ ਆਪਣੇ ਬੱਚਿਆਂ ਦਾ ਵੀਜਾ ਵੀ ਸਪਾਂਸਰ ਕਰ ਸਕਦੇ ਹਨ। ਇਸੇ ਤਰ੍ਹਾਂ ਉੱਥੇ ਰਹਿ ਕੇ ਕੰਮ ਕਰਨ ਵਾਲੇ ਫ੍ਰੀਲਾਂਸਰ, ਵਿਧਵਾ, ਤਲਾਕਸ਼ੁਦਾ ਲੋਕਾਂ ਲਈ ਵੀ ਵੀਜਾ ਨਿਯਮ ਸੌਖੇ ਕੀਤੇ ਹਨ।
ਯੂਏਈ ਦੇ ਵਿਦੇਸ਼ੀ ਵਪਾਰ ਰਾਜ ਮੰਤਰੀ ਥਨੀ ਅਲ ਜੇਯੂਦੀ ਨੇ ਇਕ ਇੰਟਰਵਿਊ ਵਿੱਚ ਕਿਹਾ ਕਿ ਅਸੀਂ ਅਗਲੇ 50 ਸਾਲਾ ਲਈ ਅਰਥਚਾਰਾ ਤਿਆਰ ਕਰ ਰਹੇ ਹਾਂ। ਇਹ ਵੀਜਾ ਸੌਖ ਉਸੇ ਕੜੀ ਦਾ ਹਿੱਸਾ ਹੈ। ਦੱਸ ਦਈਏ ਕਿ ਯੂਏਈ ਨੇ ਹੁਣੇ ਹੀ ਇਕ ਗੋਲਡਨ ਵੀਜ਼ਾ ਵੀ ਸ਼ੁਰੂ ਕੀਤਾ ਹੈ, ਜਿਸ ਵਿੱਚ ਧਨਾਢ ਲੋਕਾਂ ਤੇ ਰਸੂਖਦਾਰਾਂ ਨੂੰ ਆਪਣੇ ਦੇਸ਼ ਵੱਲ ਖਿੱਚਣ ਲਈ ਇਹ ਦਿੱਤਾ ਜਾ ਰਿਹਾ ਹੈ।