‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਮੱਧ ਪ੍ਰਦੇਸ਼ ’ਚ ਆਰਐੱਸਐੱਸ ਦੇ ਬਾਨੀ ਡਾ. ਕੇਸ਼ਵ ਬਲੀਰਾਮ ਹੈਡਗੇਵਾਰ ਅਤੇ ਜਨਸੰਘ ਦੇ ਬਾਨੀ ਪੰਡਤ ਦੀਨ ਦਿਆਲ ਉਪਾਧਿਆਇ ਦੇ ਵਿਚਾਰ ਹੁਣ ਐੱਮਬੀਬੀਐੱਸ (MBBS) ਦੇ ਵਿਦਿਆਰਥੀਆਂ ਨੂੰ ਪੜ੍ਹਾਏ ਜਾਣਗੇ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇੰਝ ਵਿਦਿਆਰਥੀਆਂ ਦਾ ਬੌਧਿਕ ਵਿਕਾਸ ਹੋਵੇਗਾ। ਉਂਝ ਦਿਖਾਵੇ ਲਈ ਸਵਾਮੀ ਵਿਵੇਕਾਨੰਦ ਅਤੇ ਡਾ. ਬੀਆਰ ਅੰਬੇਦਕਰ ਦੇ ਵਿਚਾਰ ਵੀ MBBS ਦੇ ਵਿਦਿਆਰਥੀਆਂ ਨੂੰ ਫ਼ਾਊਂਡੇਸ਼ਨ ਕੋਰਸ ਦੌਰਾਨ ਪੂਰਾ ਇੱਕ ਮਹੀਨਾ ਪੜ੍ਹਾਉਣ ਦਾ ਐਲਾਨ ਕੀਤਾ ਗਿਆ ਹੈ।
ਸਕੂਲਾਂ ਅਤੇ ਕਾਲਜਾਂ ਦੇ ਸਿਲੇਬਸ ਬਦਲ ਕੇ ਬੱਚਿਆਂ ਦੇ ਮਨਾਂ ਵਿੱਚ ਆਰਐੱਸਐੱਸ ਅਤੇ ਜਨਸੰਘ ਪ੍ਰਤੀ ਹਮਦਰਦੀ ਭਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਜਿਹੇ ਹਾਲਾਤ ਵਿੱਚ ਇਹ ਸੁਆਲ ਪੈਦਾ ਹੁੰਦਾ ਹੈ ਕਿ ਜਿਹੜੀ ਵਿਚਾਰਧਾਰਾ ਅਤੇ ਜਿਹੜੇ ਲੋਕਾਂ ਦੀ ਮਾਨਸਿਕਤਾ ਕਾਰਨ ਆਜ਼ਾਦੀ ਪ੍ਰਾਪਤੀ ਦੇ ਸਿਰਫ਼ ਚਾਰ ਕੁ ਮਹੀਨਿਆਂ ਬਾਅਦ ਹੀ 30 ਜਨਵਰੀ, 1948 ਨੂੰ ਮਹਾਤਮਾ ਗਾਂਧੀ ਦੀ ਹੱਤਿਆ ਹੋਈ, ਜੋ ਦੇਸ਼ ਦਾ ਪਹਿਲਾ ਹਾਈ ਪ੍ਰੋਫ਼ਾਈਲ ਕਤਲ ਵੀ ਸੀ ਅਤੇ ਜਿਹੜੀ ਮਾਨਸਿਕਤਾ ਕਾਰਨ ਆਜ਼ਾਦੀ ਤੋਂ ਬਾਅਦ ਵੀ ਦੇਸ਼ ਦੇ ਤਿਰੰਗੇ ਝੰਡੇ ਨੂੰ 52 ਸਾਲਾਂ ਤੱਕ ਅਪਣਾਇਆ ਨਹੀਂ ਗਿਆ ਸੀ, (ਆਰਐੱਸਐੱਸ ਦੇ ਮੁੱਖ ਦਫ਼ਤਰੀ ਕੰਪਲੈਕਸ ’ਚ ਪਹਿਲੀ ਵਾਰ 2002 ’ਚ ਦੇਸ਼ ਦਾ ਰਾਸ਼ਟਰੀ ਤਿਰੰਗਾ ਝੰਡਾ ਝੁਲਾਇਆ ਗਿਆ ਸੀ), ਉਸ ਵਿਚਾਰਧਾਰਾ ਨੂੰ ਅਸੀਂ ਬੱਚਿਆਂ ਨੂੰ ਕਿਵੇਂ ਪੜ੍ਹਾ ਸਕਦੇ ਹਾਂ ਪਰ ਹੁਣ ਪੜ੍ਹਾਇਆ ਜਾ ਰਿਹਾ ਹੈ।