India

ਪੰਜਾਬ ਦੇ ਕਿਸਾਨਾਂ ਦੀ ਦੁਸ਼ਮਣ ਬਣੀ ਮੋਦੀ ਸਰਕਾਰ, ਕਣਕ ਦੇ ਭਾਅ ‘ਤੇ ਲਾਏ ਕੱਟ

‘ਦ ਖ਼ਾਲਸ ਬਿਊਰੋ :- ਕੇਂਦਰ ਸਰਕਾਰ ਨੇ ਐਤਕੀਂ ਪੰਜਾਬ ਦੀ ਕਿਸਾਨੀ ਨੂੰ ਢਾਰਸ ਦੇਣ ਤੋਂ ਪਿੱਠ ਘੁੰਮਾ ਲਈ ਹੈ। ਕੌਮੀ ਆਫ਼ਤ ਕੋਰੋਨਾ ਕਾਰਨ ਕਿਸਾਨਾਂ ਨੂੰ ਕੇਂਦਰੀ ਥਾਪੜਾ ਮਿਲਣਾ ਤਾਂ ਦੂਰ ਦੀ ਗੱਲ, ਕਿਸਾਨਾਂ ਦੇ ਦਰਦਾਂ ਨੂੰ ਮੱਲ੍ਹਮ ਵੀ ਨਸੀਬ ਨਹੀਂ ਹੋਈ। ਮੁੱਢਲੇ ਪੜਾਅ ’ਤੇ ਪੰਜਾਬ ਸਰਕਾਰ ਨੇ ਕੇਂਦਰ ਤੋਂ ਅਨਾਜ ਭੰਡਾਰਨ ’ਤੇ ਬੋਨਸ ਦੀ ਮੰਗ ਕੀਤੀ ਸੀ ਤਾਂ ਜੋ ਕਿਸਾਨ ਘਰਾਂ ਵਿੱਚ ਕਣਕ ਭੰਡਾਰ ਕਰ ਸਕਣ। ਕੇਂਦਰ ਸਰਕਾਰ ਨੇ 60 ਫੀਸਦ ਫ਼ਸਲ ਦੀ ਖ਼ਰੀਦ ਹੋਣ ਮਗਰੋਂ ਵੀ ਅਜੇ ਤੱਕ ਕੋਈ ਹੁੰਗਾਰਾ ਨਹੀਂ ਭਰਿਆ ਹੈ।

ਪੰਜਾਬ ’ਚ ਪੱਕੀ ਫ਼ਸਲ ਮੀਂਹ ਨੇ ਝੰਬ ਦਿੱਤੀ ਤਾਂ ਰਾਜ ਸਰਕਾਰ ਨੇ ਕੇਂਦਰ ਤੋਂ ਖ਼ਰੀਦ ਦੇ ਮਾਪਦੰਡਾਂ ਵਿੱਚ ਛੋਟ ਦੀ ਮੰਗ ਕੀਤੀ। ਕੇਂਦਰੀ ਟੀਮ ਨੇ ਮੰਡੀਆਂ ਦਾ ਦੌਰਾ ਕੀਤਾ। ਲੰਘੇ ਦਿਨ ਕੇਂਦਰ ਸਰਕਾਰ ਨੇ ਮਾਪਦੰਡਾਂ ਵਿੱਚ ਤਾਂ ਰਿਆਇਤ ਦੇ ਦਿੱਤੀ, ਪਰ ਨਾਲ ਹੀ ਖ਼ਰੀਦ ’ਤੇ ਵਿੱਤੀ ਕੱਟ ਵੀ ਲਾ ਦਿੱਤਾ। ਪੰਜਾਬ ਦੀ ਕਿਸਾਨੀ ਨੂੰ ਇਸ ਵਿੱਤੀ ਕੱਟ ਨਾਲ ਅੰਦਾਜ਼ਨ 20 ਕਰੋੜ ਰੁਪਏ ਦਾ ਨੁਕਸਾਨ ਝੱਲਣਾ ਪਵੇਗਾ। ਕਿਸਾਨ ਨੂੰ ਪ੍ਰਤੀ ਏਕੜ 200 ਤੋਂ 500 ਰੁਪਏ ਤੱਕ ਦਾ ਨੁਕਸਾਨ ਹੋਵੇਗਾ। ਸੁੰਗੜੀ ਤੇ ਚਮਕ ਗੁਆਉਣ ਵਾਲੀ ਜਿਣਸ ’ਤੇ 4.81 ਰੁਪਏ ਤੋਂ ਲੈ ਕੇ 24.06 ਰੁਪਏ ਤੱਕ ਦਾ ਵਿੱਤੀ ਕੱਟ ਲਾਇਆ ਗਿਆ ਹੈ। ਮੰਡੀਆਂ ਵਿੱਚ ਕੱਲ੍ਹ ਤੱਕ ਕਰੀਬ 70 ਲੱਖ ਮੀਟਰਿਕ ਟਨ ਕਣਕ ਦੀ ਖ਼ਰੀਦ ਹੋ ਚੁੱਕੀ ਹੈ। ਕੇਂਦਰੀ ਕੱਟ ਦਾ ਵੱਡਾ ਹਰਜਾ ਪਟਿਆਲਾ, ਫਤਹਿਗੜ੍ਹ ਸਾਹਿਬ ਤੇ ਮੁਹਾਲੀ ਦੇ ਕਿਸਾਨਾਂ ਨੂੰ ਝੱਲਣਾ ਪਵੇਗਾ। ਕੇਂਦਰੀ ਕੱਟ ਦਾ ਸਰਕਾਰੀ ਖ਼ਜ਼ਾਨੇ ਨੂੰ ਵੀ ਨੁਕਸਾਨ ਸਹਿਣ ਕਰਨਾ ਪਵੇਗਾ। ਐਤਕੀਂ ਕੋਵਿਡ-19 ਕਰਕੇ ਪੰਜਾਬ ਵਿੱਚ ਕਰੀਬ ਇੱਕ ਲੱਖ ਗੱਠਾਂ ਬਾਰਦਾਨੇ ਦੀ ਤੋਟ ਬਣੀ ਹੋਈ ਹੈ।

ਕੇਂਦਰ ਸਰਕਾਰ ਨੇ ਪੰਜਾਬ ਨੂੰ ਪੁਰਾਣਾ ਬਾਰਦਾਨਾ ਵਰਤਣ ਦੀ ਪ੍ਰਵਾਨਗੀ ਤਾਂ ਦੇ ਦਿੱਤੀ, ਪਰ ਪੁਰਾਣੇ ਬਾਰਦਾਨੇ ਦਾ ਭਾਅ ਹਾਲੇ ਤੱਕ ਤੈਅ ਨਹੀਂ ਕੀਤਾ ਹੈ। ਪੰਜਾਬ ਸਰਕਾਰ ਨੇ ਆਟਾ ਮਿੱਲਾਂ ਤੋਂ ਇੱਕ ਵਾਰੀ ਵਰਤਿਆ ਬਾਰਦਾਨਾ ਖ਼ਰੀਦ ਕਰਨਾ ਹੈ, ਪ੍ਰੰਤੂ ਮਿੱਲਾਂ ਵਾਲੇ ਪਹਿਲਾਂ ਭਾਅ ਪੁੱਛ ਰਹੇ ਹਨ। ਦੱਸਣਯੋਗ ਹੈ ਕਿ ਪੰਜਾਬ ਦੇ ਕਿਸਾਨਾਂ ਨੇ ਹਮੇਸ਼ਾਂ ਸੰਕਟ ਦੀ ਘੜੀ ’ਚ ਦੇਸ਼ ਦੀ ਅਨਾਜਪੂਰਤੀ ਵਿੱਚ ਭਰਵਾਂ ਯੋਗਦਾਨ ਪਾਇਆ ਹੈ। ਹਾਲ ਹੀ ਵਿੱਚ ਪੰਜਾਾਬ ਦੇ ਗੋਦਾਮਾਂ ’ਚੋਂ 23.5 ਲੱਖ ਮੀਟਰਿਕ ਟਨ ਅਨਾਜ ਦੂਜੇ ਸੂਬਿਆਂ ਨੂੰ ਭੇਜਿਆ ਗਿਆ ਹੈ।

ਖੇਤੀ ਵਿਭਾਗ ਪੰਜਾਬ ਦੇ ਸਕੱਤਰ ਕਾਹਨ ਸਿੰਘ ਪੰਨੂ ਨੇ ਕਿਹਾ ਕਿ ਮੰਡੀਆਂ ’ਚੋਂ ਰੋਜ਼ਾਨਾ ਪੰਜ ਲੱਖ ਮੀਟਰਿਕ ਟਨ ਫ਼ਸਲ ਦੀ ਚੁਕਾਈ ਹੋ ਰਹੀ ਹੈ ਤੇ 60 ਫੀਸਦੀ ਫਸਲ ਮੰਡੀਆਂ ਵਿਚ ਆ ਚੁੱਕੀ ਹੈ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ(ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਅਤੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਇਕ ਸਾਂਝੇ ਬਿਆਨ ’ਚ ਕਿਹਾ ਕਿ ਕਿਸਾਨਾਂ ਨੂੰ ਘੱਟ ਝਾੜ ਅਤੇ ਬੇਮੌਸਮੀ ਬਾਰਸ਼ ਨੇ ਝੰਬ ਦਿੱਤਾ ਹੈ। ਕੇਂਦਰ ਨੇ ਵਿੱਤੀ ਕੱਟ ਲਾ ਕੇ ਕਿਸਾਨੀ ਦੇ ਜ਼ਖ਼ਮਾਂ ’ਤੇ ਲੂਣ ਛਿੜਕਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਕੱਟ ਨਾਲ ਹੋਣ ਵਾਲੇ ਨੁਕਸਾਨ ਦੀ ਭਰਪਾਈ ਪੰਜਾਬ ਸਰਕਾਰ ਕਰੇ। ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਮੁੱਖ ਸਕੱਤਰ ਰਾਮਕਰਨ ਸਿੰਘ ਰਾਮਾਂ ਨੇ ਵੀ ਕੇਂਦਰ ਤੋਂ ਵਿੱਤੀ ਕੱਟ ਨੂੰ ਵਾਪਸ ਲਏ ਜਾਣ ਦੀ ਮੰਗ ਰੱਖੀ ਹੈ।

ਕੇਂਦਰ ਨੇ ਔਖੇ ਵੇਲੇ ਬਾਂਹ ਛੱਡੀ : 
ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨੀ ਦੇ ਪਸੀਨੇ ਦਾ ਮੁੱਲ ਨਹੀਂ ਪਾਇਆ ਅਤੇ ਪੰਜਾਬ ਨਾਲ ਵਿਤਕਰਾ ਕੀਤਾ ਹੈ। ਹੁਣ ਛੋਟਾਂ ਦੇ ਕੇ ਵਿੱਤੀ ਕੱਟ ਲਾ ਦਿੱਤਾ ਹੈ, ਜੋ ਕਿਸਾਨ ਮਾਰੂ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਹੁਣ ਤੱਕ 6500 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ ਅਤੇ ਮੰਡੀਆਂ ’ਚੋਂ ਦੋ ਤਿੰਨ ਦਿਨਾਂ ਵਿੱਚ ਮੁਕੰਮਲ ਚੁਕਾਈ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਕਿਸਾਨਾਂ ਦੀ ਥਾਂ ਕੇਂਦਰ ਦਾ ਪੱਖ ਪੂਰਿਆ ਹੈ।