‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਫਿਰ ਵਾਧਾ ਹੋ ਗਿਆ ਹੈ। ਸਰਕਾਰੀ ਤੇਲ ਕੰਪਨੀਆਂ ਨੇ ਇੱਕ ਵਾਰ ਫਿਰ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ 25 ਰੁਪਏ ਵਾਧਾ ਕੀਤਾ ਹੈ। 19 ਕਿਲੋ ਵਪਾਰਕ ਗੈਸ ਸਿਲੰਡਰ ਦੀ ਕੀਮਤ ਵਿੱਚ 75 ਰੁਪਏ ਦਾ ਵਾਧਾ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਸਿਲੰਡਰ ਦੀ ਕੀਮਤ 15 ਦਿਨਾਂ ਵਿੱਚ 50 ਰੁਪਏ ਮਹਿੰਗੀ ਕਰ ਦਿੱਤੀ ਗਈ ਹੈ।
ਬਿਨਾਂ ਸਬਸਿਡੀ ਦੇ 14.2 ਕਿਲੋ ਗੈਸ ਸਿਲੰਡਰ ਦੀ ਕੀਮਤ 25 ਰੁਪਏ ਵਧਾਈ ਗਈ ਹੈ। ਇਸ ਵਾਧੇ ਤੋਂ ਬਾਅਦ ਦਿੱਲੀ ਵਿੱਚ 14.2 ਕਿਲੋ ਦਾ ਐਲਪੀਜੀ ਸਿਲੰਡਰ 884.5 ਰੁਪਏ ਹੋ ਗਿਆ ਹੈ, ਜਦਕਿ ਪਹਿਲਾਂ ਇਹ 859.50 ਰੁਪਏ ਸੀ। ਕੋਲਕਾਤਾ ਵਿੱਚ 911 ਰੁਪਏ, ਮੁੰਬਈ ਵਿੱਚ 884.5 ਰੁਪਏ, ਚੇਨਈ ਵਿੱਚ 900.5 ਰੁਪਏ ਗੈਸ ਸਿਲੰਡਰ ਦੀ ਕੀਮਤ ਹੋ ਗਈ ਹੈ। ਤੇਲ ਕੰਪਨੀ ਦੀ ਅਧਿਕਾਰਤ ਵੈਬਸਾਈਟ ‘ਤੇ ਐੱਲਪੀਜੀ ਗੈਸ ਸਿਲੰਡਰ ਦੀ ਕੀਮਤ ਸਬੰਧੀ ਜਾਣਕਾਰੀ ਲਈ ਜਾ ਸਕਦੀ ਹੈ। ਵੈੱਬਸਾਈਟ ‘ਤੇ ਕੰਪਨੀਆਂ ਹਰ ਮਹੀਨੇ ਨਵੀਆਂ ਦਰਾਂ ਜਾਰੀ ਕਰਦੀਆਂ ਹਨ।