‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਇੰਡੀਆ ਵਰਲਡ ਫੋਰਮ (ਆਈਡਬਲਯੂਐਫ) ਦੇ ਪ੍ਰਧਾਨ ਪੁਨੀਤ ਸਿੰਘ ਚੰਡੋਕ ਨੇ ਕਿਹਾ ਕਿ ਤਾਲਿਬਾਨ ਨੇ ਅਫਗਾਨ ਹਿੰਦੂਆਂ ਅਤੇ ਸਿੱਖਾਂ ਨੂੰ ਤੀਰਥ ਯਾਤਰਾ ‘ਤੇ ਭਾਰਤ ਆਉਣ ਦੀ ਇਜਾਜ਼ਤ ਦਿੱਤੀ ਹੈ, ਬਸ਼ਰਤੇ ਉਨ੍ਹਾਂ ਕੋਲ ਪਾਸਪੋਰਟ ਅਤੇ ਵੀਜ਼ਾ ਹੋਣਾ ਚਾਹੀਦਾ ਹੈ।ਅਫਗਾਨਿਸਤਾਨ ਦੇ ਇਸਲਾਮਿਕ ਅਮੀਰਾਤ ਦੇ ਬੁਲਾਰੇ ਜ਼ਬਿਉੱਲਾਹ ਮੁਜਾਹਿਦ ਨੇ ਇੱਕ ਅਫਗਾਨ ਮੀਡੀਆ ਚੈਨਲ ਨਾਲ ਗੱਲਬਾਤ ਕਰਦਿਆਂ ਇਸਦੀ ਪੁਸ਼ਟੀ ਕੀਤੀ ਹੈ ਕਿ ਜੇਕਰ ਤਾਲਿਬਾਨ ਦੇ ਅਫਗਾਨ ਸਿੱਖਾਂ ਅਤੇ ਹਿੰਦੂਆਂ ਦੇ ਕੋਲ ਪੱਕਾ ਪਾਸਪੋਰਟ ਅਤੇ ਵੀਜ਼ਾ ਹੈ ਤਾਂ ਉਨ੍ਹਾਂ ਦੇ ਭਾਰਤ ਜਾਣ ਉੱਤੇ ਕਿਸੇ ਵੀ ਤਰ੍ਹਾਂ ਦੀ ਕੋਈ ਰੋਕ ਨਹੀਂ ਹੈ।
ਜ਼ਿਆਦਾਤਰ ਅਫਗਾਨ ਸਿੱਖ ਅਤੇ ਹਿੰਦੂ ਜਿਨ੍ਹਾਂ ਨੇ ਪਿਛਲੇ ਦੋ ਹਫਤਿਆਂ ਤੋਂ ਕਾਬੁਲ ਦੇ ਨੇੜੇ ਗੁਰਦੁਆਰਾ ਦਸਮੇਸ਼ ਪਿਤਾ, ਕਰਤਾ-ਏ-ਪਰਵਾਨ ਵਿਖੇ ਪਨਾਹ ਲਈ ਸੀ, ਅਫਗਾਨਿਸਤਾਨ ਵਿੱਚ ਆਪਣੇ ਵਤਨ ਵਾਪਸ ਪਰਤ ਆਏ ਹਨ ਅਤੇ ਆਪਣੇ ਕਾਰੋਬਾਰ ਖੋਲ੍ਹਣੇ ਸ਼ੁਰੂ ਕਰ ਦਿੱਤੇ ਹਨ। ਹਾਲਾਂਕਿ, ਕੁਝ ਪਰਿਵਾਰ ਅਜੇ ਵੀ ਗੁਰਦੁਆਰੇ ਵਿੱਚ ਰਹਿ ਰਹੇ ਹਨ।
ਕਾਬੁਲ ਦੇ ਇੱਕ ਸਿੱਖ, ਜੋਕਿ ਇੱਕ ਸ਼ਿੰਗਾਰ ਦੇ ਸਮਾਨ ਦੀ ਦੁਕਾਨ ਚਲਾਉਂਦੇ ਹਨ, ਉਨ੍ਹਾਂ ਕਿਹਾ ਕਿ ਤਕਰੀਬਨ 40 ਅਫਗਾਨ ਸਿੱਖ ਅਤੇ ਹਿੰਦੂ ਕਾਬੁਲ ਵਿੱਚ ਦੁਕਾਨਾਂ ਅਤੇ ਆਪਣਾ ਕਾਰੋਬਾਰ ਕਰਦੇ ਹਨ।ਉਨ੍ਹਾਂ ਕਿਹਾ ਕਿ ਮੇਰੇ ਭਰਾ ਦਾ ਭਾਰਤੀ ਫਾਰਮਾਸੂਟਿਕਲ ਕੰਪਨੀਆਂ ਦੇ ਨਾਲ ਦਵਾਈਆਂ ਦਾ ਥੋਕ ਵਪਾਰ ਹੈ ਅਤੇ ਹੁਣ ਆਪਣੇ ਕੰਮ ‘ਤੇ ਵਾਪਸ ਆ ਗਿਆ ਹੈ। ਤਾਲਿਬਾਨ ਕਮਾਂਡਰਾਂ ਨੇ ਸਾਨੂੰ ਸੁਰੱਖਿਆ ਦਾ ਭਰੋਸਾ ਦਿੱਤਾ ਹੈ ਅਤੇ ਸਾਨੂੰ ਰੁਟੀਨ ਅਨੁਸਾਰ ਕੰਮ ਸ਼ੁਰੂ ਕਰਨ ਲਈ ਕਿਹਾ ਹੈ।
ਇੱਕ ਅਫਗਾਨ ਹਿੰਦੂ ਨੇ ਕਿਹਾ ਕਿ ਉਨ੍ਹਾਂ ਨੇ ਦੁਕਾਨਾਂ ਖੋਲ੍ਹੀਆਂ ਹਨ, ਪਰ ਕੋਈ ਕੰਮ ਨਹੀਂ ਹੋ ਰਿਹਾ ਹੈ। ਅਸੀਂ ਕੁਝ ਘੰਟਿਆਂ ਲਈ ਬੈਠਦੇ ਹਾਂ ਅਤੇ ਘਰ ਮੁੜ ਜਾਂਦੇ ਹਾਂ ਕਿਉਂਕਿ ਇੱਥੇ ਬਹੁਤ ਘੱਟ ਗਾਹਕ ਹਨ।ਲੋਕ ਆਪਣੇ ਘਰਾਂ ਤੋਂ ਬਾਹਰ ਆਉਣ ਤੋਂ ਵੀ ਡਰਦੇ ਹਨ।ਇੱਕ ਕਾਸਮੈਟਿਕਸ ਦੀ ਦੁਕਾਨ ਦੇ ਮਾਲਕ ਨੇ ਕਿਹਾ ਕਿ ਸਮੇਂ ਦੇ ਨਾਲ ਕੰਮ ਤੇਜ਼ ਹੋ ਸਕਦਾ ਹੈ।
ਇਸ ਤੋਂ ਪਹਿਲਾਂ ਚੰਡੋਕ ਨੇ ਕਿਹਾ ਕਿ ਉਸਨੇ ਸ਼ਨੀਵਾਰ ਨੂੰ ਤਾਲਿਬਾਨ ਦੇ ਪ੍ਰਤੀਨਿਧੀ ਬਿਲਾਲ ਕਰੀਮੀ ਦੇ ਜ਼ਰੀਏ ਸੁਤੰਤਰ ਤੌਰ ‘ਤੇ ਗੱਲਬਾਤ ਸ਼ੁਰੂ ਕੀਤੀ ਸੀ। ਉਨ੍ਹਾਂ ਕਿਹਾ ਕਿ ਅਸੀਂ ਤਾਲਿਬਾਨ ਨੂੰ ਬੇਨਤੀ ਕੀਤੀ ਹੈ ਕਿ ਉਹ ਅਫ਼ਗਾਨ ਸਿੱਖਾਂ ਅਤੇ ਹਿੰਦੂਆਂ ਨੂੰ ਭਾਰਤ ਦੀ ਯਾਤਰਾ ਅਤੇ ਭਾਰਤੀਆਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਜਾਣ ਦੀ ਸਹੂਲਤ ਦੇਵੇ। ਕਰੀਮੀ ਨੇ ਧਾਰਮਿਕ ਘੱਟ ਗਿਣਤੀਆਂ ਦੇ ਅਧਿਕਾਰਾਂ ਦੀ ਰਾਖੀ ਕਰਨ ਦਾ ਭਰੋਸਾ ਦਿੰਦੇ ਹੋਏ ਕਿਹਾ ਕਿ ਸਿੱਖ ਉਨ੍ਹਾਂ ਦੀ ਸੰਸਕ੍ਰਿਤੀ ਅਤੇ ਉਨ੍ਹਾਂ ਦੇ ਹਮ-ਵਤਨ (ਸਾਥੀ ਦੇਸ਼ਵਾਸੀ) ਦਾ ਹਿੱਸਾ ਹਨ।
ਚੰਡੋਕ ਨੇ ਕਿਹਾ ਕਿ ਭਾਰਤ ਦਾ ਵਿਦੇਸ਼ ਮੰਤਰਾਲਾ ਅਫਗਾਨਿਸਤਾਨ ਦੇ ਗੁਰਦੁਆਰਿਆਂ ਦੇ ਮੁਖੀਆਂ ਦੇ ਸੰਪਰਕ ਵਿੱਚ ਵੀ ਹੈ।ਫਿਲਹਾਲ ਕਾਬੁਲ ਹਵਾਈ ਅੱਡੇ ਤੋਂ ਲੋਕਾਂ ਨੂੰ ਕੱਢਣ ਦੀ ਪ੍ਰਕਿਰਿਆ ਰੋਕ ਦਿੱਤੀ ਗਈ ਹੈ ਅਤੇ ਸੁਰੱਖਿਆ ਚਿੰਤਾਵਾਂ ਦੇ ਕਾਰਨ ਇਹ ਸੰਭਵ ਨਹੀਂ ਹੈ।ਭਾਰਤ ਅਫਗਾਨ ਸਿੱਖਾਂ ਅਤੇ ਹਿੰਦੂਆਂ ਨੂੰ ਭਾਰਤੀ ਵਸਨੀਕਾਂ ਦੇ ਨਾਲ ਲਿਆਉਣ ਲਈ ਤਿਆਰ ਹੈ, ਪਰ ਉਹ ਸਥਿਤੀ ਦੇ ਆਮ ਹੋਣ ਦੀ ਉਡੀਕ ਕਰ ਰਿਹਾ ਹੈ। ਬਹੁਤ ਸਾਰੇ ਭਾਰਤੀ ਹਨ ਜੋ ਕਾਬੁਲ ਵਿੱਚ ਫਸੇ ਹੋਏ ਹਨ।
ਡੀਐਸਜੀਐਮਸੀ ਦੇ ਲੀਡਰ ਮਨਜਿੰਦਰ ਸਿੰਘ ਸਿਰਸਾ ਨੇ ਵੀ ਟਵੀਟ ਕੀਤਾ ਹੈ ਕਿ ਜਿਹੜੇ ਲੋਕ ਗੁਰਦੁਆਰੇ ਵਿੱਚ ਸ਼ਰਨ ਲੈ ਰਹੇ ਸਨ ਉਹ ਆਪਣੇ ਘਰਾਂ ਨੂੰ ਪਰਤ ਗਏ ਹਨ।ਸਿਰਸਾ ਨੇ ਟਵੀਟ ਵਿੱਚ ਕਿਹਾ ਹੈ ਕਿ ਮੈਂ ਅੱਜ ਕਾਬੁਲ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਗੁਰਨਾਮ ਸਿੰਘ ਨਾਲ ਗੱਲ ਕੀਤੀ ਹੈ, ਜਿਨ੍ਹਾਂ ਨੇ ਮੈਨੂੰ ਦੱਸਿਆ ਕਿ ਗੁਰਦੁਆਰਾ ਕਰਤੇ ਪਰਵਾਨ ਵਿੱਚ ਸ਼ਰਨ ਲੈਣ ਵਾਲੇ ਲੋਕ ਕਾਬੁਲ ਵਿੱਚ ਹੋਏ ਹਮਲਿਆਂ ਦੇ ਮੱਦੇਨਜ਼ਰ ਆਪਣੇ ਘਰਾਂ ਨੂੰ ਵਾਪਸ ਚਲੇ ਗਏ ਹਨ। ਅੱਠ ਲੋਕ (2 ਪਰਿਵਾਰ) ਗਜ਼ਨੀ ਵਾਪਸ ਚਲੇ ਗਏ, 60 ਲੋਕ ਵਾਪਸ ਜਲਾਲਾਬਾਦ ਚਲੇ ਗਏ, ਅਤੇ ਦੋ ਪਰਿਵਾਰ ਅਜੇ ਵੀ ਉੱਥੇ ਹਨ।
ਕੱਲ੍ਹ ਤਾਲਿਬਾਨ ਦਾ ਕਮਾਂਡਰ ਉਨ੍ਹਾਂ ਨੂੰ ਗੁਰੂਦੁਆਰਾ ਸਾਹਿਬ ਵਿੱਚ ਮਿਲਣ ਆਇਆ ਸੀ। ਇਨ੍ਹਾਂ ਪਰਿਵਾਰਾਂ ਨੇ ਤਾਲਿਬਾਨ ਨੂੰ ਗੁਰੂ ਤੇਗ ਬਹਾਦਰ ਦੇ 400 ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦਾ ਹਿੱਸਾ ਬਣਨ ਲਈ ਭਾਰਤ ਆਉਣ ਦੀ ਇੱਛਾ ਬਾਰੇ ਦੱਸਿਆ।ਕਮਾਂਡਰਾਂ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਇਹ ਮਾਮਲਾ ਉਨ੍ਹਾਂ ਦੀ ਹਾਈ ਕਮਾਂਡ ਕੋਲ ਉਠਾਇਆ ਜਾਵੇਗਾ।