Punjab

ਰਾਕੇਸ਼ ਟਿਕੈਤ ਨੇ ਖੱਟਰ ਸਰਕਾਰ ਨੂੰ ਕਿਹਾ ‘ਤਾਲਿਬਾਨ’

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਹਰਿਆਣਾ ਦੇ ਕਰਨਾਲ ਜਿਲ੍ਹੇ ਵਿੱਚ ਕਿਸਾਨਾਂ ਉੱਤੇ ਹੋਏ ਪੁਲਿਸ ਦੇ ਤਸ਼ੱਦਦ ਤੋਂ ਬਾਅਦ ਕਿਸਾਨ ਲੀਡਰ ਹਰ ਫਰੰਟ ਉੱਤੇ ਹਰਿਆਣਾ ਦੀ ਮਨੋਹਰ ਲਾਲ ਖੱਟਰ ਸਰਕਾਰ ਦੇ ਖਿਲਾਫ ਆਪਣੇ ਰੋਹ ਦਿਖਾ ਰਹੇ ਹਨ। ਇਸ ਦੌਰਾਨ ਲਾਠੀਚਾਰਜ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਕਿਸਾਨਾਂ ਦਾ ਵੀ ਹਾਲ ਚਾਲ ਪੁੱਛਿਆ ਜਾ ਰਿਹਾ ਹੈ। ਹਸਪਤਾਲ ਵਿੱਚ ਜ਼ੇਰੇ ਇਲਾਜ ਇਕ ਕਿਸਾਨ ਦਾ ਹਾਲ-ਚਾਲ ਜਾਨਣ ਲਈ ਪਹੁੰਚੇ ਸੀਨੀਅਰ ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਕਿਹਾ ਕਿ ਹਰਿਆਣਾ ਸਰਕਾਰ ਤਾਲਿਬਾਨ ਸਰਕਾਰ ਹੈ ਤੇ ਇਸ ਸਰਕਾਰ ਨੂੰ ਆਪਣੇ ਕੀਤੇ ਦਾ ਖਾਮਿਆਜ਼ਾ ਭੁਗਤਣਾ ਪਵੇਗਾ। ਉਨ੍ਹਾਂ ਕਿਹਾ ਕਰਨਾਲ ਵਿੱਚ ਹੀ ਅਗਲੀ ਰਣਨੀਤੀ ਘੜ੍ਹੀ ਜਾ ਰਹੀ ਹੈ।

ਇੱਥੇ ਜ਼ਿਕਰਯੋਗ ਹੈ ਕਿ ਕੱਲ੍ਹ ਹਰਿਆਣਾ ਪੁਲਿਸ ਨੇ ਕਰਨਾਲ ਵਿੱਚ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਅੰਦੋਲਨ ਕਰ ਰਹੇ ਕਿਸਾਨਾਂ ਉੱਤੇ ਕਹਿਰ ਢਾਇਆ ਸੀ ਤੇ ਬਹੁਤ ਤਿੱਖਾ ਲਾਠੀਚਾਰਜ ਕੀਤਾ ਸੀ। ਇਸ ਮੌਕੇ ਪੁਲਿਸ ਨੇ ਅੰਨ੍ਹੇਵਾਹ ਲਾਠੀਆਂ ਵਰ੍ਹਾਉਂਦਿਆਂ ਕਈ ਕਿਸਾਨਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਸੀ।ਇਸ ਦੌਰਾਨ ਕਈ ਕਿਸਾਨਾਂ ਦੇ ਸਿਰ ਪਾਟੇ ਹਨ ਤੇ ਕਈ ਗੰਭੀਰ ਜ਼ਖਮੀ ਹੋਏ ਹਨ।

ਇਸ ਮਸਲੇ ਉੱਤੇ ਵਿਰੋਧੀ ਧਿਰ ਦੇ ਲੀਡਰ ਵੀ ਖੱਟਰ ਸਰਕਾਰ ਦੀ ਨਿਖੇਧੀ ਕਰ ਰਹੇ ਹਨ।ਕਾਂਗਰਸ ਦੇ ਜਨਰਲ ਸਕੱਤਰ ਰਣਦੀਪ ਸੁਰਜੇਵਾਲਾ, ਹਰਿਆਣਾ ਦੇ ਕਾਂਗਰਸ ਮਾਮਲਿਆਂ ਦੇ ਇੰਚਾਰਜ ਵਿਵੇਕ ਬਾਂਸਲ, ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਅਤੇ ਪਾਰਟੀ ਦੇ ਸੂਬਾ ਪ੍ਰਧਾਨ ਸ਼ੈਲਜਾ ਨੇ ਇਸ ਨੂੰ ਖੱਟਰ ਸਰਕਾਰ ਦੇ ਇਸ ਤਸ਼ੱਦਦ ਨੂੰ ਅਣਮਨੁੱਖੀ ਅਤੇ ਗੈਰ-ਜਮਹੂਰੀ ਕਿਹਾ ਹੈ।

ਗੁਰਨਾਮ ਚੜੂਨੀ ਨੇ ਮੰਗੀ ਲੋਕਾਂ ਕੋਲੋ ਅਗਲੀ ਰਣਨੀਤੀ ਘੜ੍ਹਨ ਲਈ ਸਲਾਹ

ਉੱਧਰ, ਕਰਨਾਲ ਦੀ ਘਟਨਾ ਤੋਂ ਬਾਅਦ ਆਪਣੇ ਗੁੱਸੇ ਦਾ ਇਜ਼ਹਾਰ ਕਰਦਿਆਂ ਕਿਸਾਨ ਲੀਡਰ ਗੁਰਨਾਮ ਚੜੂਨੀ ਨੇ ਆਪਣੇ ਫੇਸਬੁਕ ਪੇਜ ਤੋਂ ਲਾਇਵ ਹੋ ਕੇ ਕਿਹਾ ਹੈ ਕਿ ਖੱਟਰ ਸਰਕਾਰ ਦਾ ਇਹ ਰਵੱਈਆ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਇਸ ਲਈ ਅਗਲੀ ਰਣਨੀਤੀ ਬਹੁਤ ਛੇਤੀ ਘੜ੍ਹੀ ਜਾਵੇਗੀ। ਇਸ ਦੌਰਾਨ ਚੜੂਨੀ ਨੇ ਆਪਣੇ ਪੇਜ ਤੋਂ ਅਪੀਲ ਕੀਤੀ ਹੈ ਕਿ ਕਿਸਾਨ ਅੰਦੋਲਨ ਲਈ ਹੋਰ ਕੀ ਫੈਸਲਾ ਕੀਤਾ ਜਾਵੇ, ਇਸ ਲਈ ਲੋਕਾਂ ਤੋਂ ਰਾਇ ਮੰਗੀ ਜਾ ਰਹੀ ਹੈ। ਇਸਦੇ ਨਾਲ ਹੀ ਚੜੂਨੀ ਨੇ ਕਿਹਾ ਲੋਕਾਂ ਦੀ ਰਾਇ ਉੱਤੇ ਪੂਰਾ ਵਿਚਾਰ ਕੀਤਾ ਜਾਵੇਗਾ।