‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਅਤੇ ਹਰਿਆਣਾ ਵਿੱਚ ਕਿਸਾਨਾਂ ਵੱਲੋਂ ਅੱਜ ਸੜਕਾਂ ਜਾਮ ਕੀਤੀਆਂ ਗਈਆਂ ਹਨ, ਜੋ ਦੁਪਹਿਰ 2 ਵਜੇ ਤੱਕ ਬੰਦ ਰਹਿਣਗੀਆਂ। ਬਾਅਦ ਦਪਿਹਰ ਇਹ ਜਾਮ ਖੋਲ੍ਹ ਦਿੱਤਾ ਜਾਵੇਗਾ। ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਕੱਲ੍ਹ ਹਰਿਆਣਾ ਦੇ ਕਰਨਾਲ ਦੇ ਟੋਲ ਪਲਾਜ਼ਾ ਨੇੜੇ ਖੱਟਰ ਸਰਕਾਰ ਦਾ ਵਿਰੋਧ ਕਰਨ ਜਾ ਰਹੇ ਕਿਸਾਨਾਂ ‘ਤੇ ਹੋਏ ਪੁਲਿਸ ਲਾਠੀਚਾਰਜ ਦੇ ਵਿਰੋਧ ਵਿੱਚ ਅੱਜ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਸੜਕਾਂ ਜਾਮ ਕਰਨ ਦਾ ਸੱਦਾ ਦਿੱਤਾ ਗਿਆ ਸੀ। ਵੱਖ-ਵੱਖ ਪਿੰਡਾਂ ਵਿੱਚ ਹਰਿਆਣਾ ਸਰਕਾਰ ਦੀਆਂ ਅਰਥੀਆਂ ਵੀ ਸਾੜੀਆਂ ਗਈਆਂ। ਮਾਨਸਾ ਜ਼ਿਲ੍ਹੇ ਦੇ ਸਾਰੇ ਮੁੱਖ ਮਾਰਗ ਜਾਮ ਕੀਤੇ ਗਏ। ਡੀਸੀ ਚੌਂਕ ‘ਤੇ ਬੈਠੇ ਕਿਸਾਨਾਂ ਨੇ ਲਾਠੀਚਾਰਜ ਕਰਨ ਦਾ ਆਦੇਸ਼ ਦੇਣ ਵਾਲੇ ਐੱਸਡੀਐੱਮ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ। ਕਿਸਾਨ ਲੀਡਰ ਰੁਲਦੂ ਸਿੰਘ ਮਾਨਸਾ, ਬਲਵੀਰ ਕੌਰ ਅਤੇ ਹਰਦੇਵ ਸਿੰਘ ਨੇ ਕਿਹਾ ਕਿ ਸਰਕਾਰ ਜ਼ਖ਼ਮੀ ਹੋਏ ਕਿਸਾਨਾਂ ਦਾ ਇਲਾਜ ਆਪਣੇ ਖ਼ਰਚੇ ‘ਤੇ ਕਰਾਏ ਅਤੇ ਉਕਤ ਐੱਸਡੀਐੱਮ ਨੂੰ ਤਰੁੰਤ ਬਰਖ਼ਾਸਤ ਕਰੇ।
ਕੱਲ੍ਹ ਹਰਿਆਣਾ ਦੇ ਕਿਸਾਨਾਂ ਨੇ ਸੂਬੇ ਦੇ ਸਾਰੇ ਕੌਮੀ ਮਾਰਗ ਤੇ ਟੌਲ ਪਲਾਜ਼ੇ ਜਾਮ ਕਰ ਦਿੱਤੇ ਸਨ। ਇਸ ਕਾਰਨ ਜੀਂਦ-ਪਟਿਆਲਾ, ਅੰਬਾਲਾ-ਕੁਰੂਕਸ਼ੇਤਰ, ਕਰਨਾਲ ਨੇੜੇ ਦਿੱਲੀ ਮਾਰਗ, ਹਿਸਾਰ-ਚੰਡੀਗੜ੍ਹ, ਕਾਲਕਾ-ਜ਼ੀਰਕਪੁਰ, ਫਤਿਆਬਾਦ-ਚੰਡੀਗੜ੍ਹ, ਗੋਹਾਣਾ-ਪਾਣੀਪਤ ਅਤੇ ਹੋਰ ਕਈ ਮੁੱਖ ਮਾਰਗਾਂ ’ਤੇ ਕਈ-ਕਈ ਕਿਲੋਮੀਟਰ ਲੰਮਾ ਜਾਮ ਲੱਗ ਗਿਆ ਸੀ।
ਪੰਜਾਬ ’ਚ ਹਰਿਆਣਾ ਸਰਕਾਰ ਦੇ ਫੂਕੇ ਜਾ ਰਹੇ ਹਨ ਪੁਤਲੇ
ਹਰਿਆਣਾ ’ਚ ਕਿਸਾਨਾਂ ’ਤੇ ਲਾਠੀਚਾਰਜ ਖ਼ਿਲਾਫ਼ ਅੱਜ ਪੰਜਾਬ ਭਰ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਪੁਤਲਾ ਫੂਕਿਆ ਜਾ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪਿੰਡਾਂ ਵਿੱਚ ਪੁਤਲੇ ਸਾੜੇ ਜਾ ਰਹੇ ਹਨ। ਫਰੀਦਕੋਟ ਦੇ ਜੁਬਲੀ ਸਿਨੇਮਾ ਚੌਂਕ ਵਿੱਚ ਆਮ ਆਦਮੀ ਪਾਰਟੀ ਨੇ ਵੀ ਖੱਟਰ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ। ਆਪ ਲੀਡਰਾਂ ਨੇ ਕਿਹਾ ਕਿ ਭਾਜਪਾ ਦੇਸ਼ ਵਿੱਚ ਡੰਡੇ ਦੇ ਜ਼ੋਰ ‘ਤੇ ਲੋਕਾਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ।