India Punjab

ਆਪਣੀਆਂ ਫਿਲਮ ਦੇ ਵਿਰੋਧ ‘ਚ ਐਮੀ ਵਿਰਕ ਦਾ ਸੁਣੋ ਪੱਖ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬੀ ਅਦਾਕਾਰ ਐਮੀ ਵਿਰਕ ਦਾ ਪੰਜਾਬ ਭਰ ਵਿੱਚ ਲੋਕਾਂ ਵੱਲੋਂ ਜ਼ਬਰਦਸਤ ਵਿਰੋਧ ਕੀਤਾ ਜਾ ਰਿਹਾ ਹੈ। ਲੋਕਾਂ ਵੱਲੋਂ ਐਮੀ ਵਿਰਕ ‘ਤੇ ਕਿਸਾਨ ਵਿਰੋਧੀਆਂ ਦੇ ਹੱਕ ਵਿੱਚ ਭੁਗਤਣ ਦੇ ਦੋਸ਼ ਲਾਏ ਜਾ ਰਹੇ ਹਨ। ਐਮੀ ਵਿਰਕ ਦੀਆਂ ਫਿਲਮਾਂ ਨੂੰ ਲੋਕਾਂ ਵੱਲੋਂ ਟਾਰਗਟ ਕੀਤਾ ਜਾ ਰਿਹਾ ਹੈ। ਦਰਅਸਲ, ਲੋਕਾਂ ਨੂੰ ਐਮੀ ਵਿਰਕ ਦਾ ਫਿਲਮਾਂ “ਪੁਆੜਾ”, “ਕਿਸਮਤ 2” ਅਤੇ ‘ਭੁਜ’ ਵਿੱਚ ਕੰਮ ਕਰਨਾ ਪਸੰਦ ਨਹੀਂ ਆਇਆ ਕਿਉਂਕਿ ਇਹ ਫਿਲਮਾਂ ਜ਼ੀ ਸਟੂਡੀਓ ਨਾਲ ਜੁੜੀਆਂ ਹੋਈਆਂ ਹਨ, ਜਿਸਦਾ ਕਿਸਾਨਾਂ ਨੇ ਬਾਈਕਾਟ ਕੀਤਾ ਹੋਇਆ ਹੈ। ਕੁੱਝ ਲੋਕਾਂ ਨੂੰ ਐਮੀ ਵਿਰਕ ਦਾ ਅਜੇ ਦੇਵਗਨ ਨਾਲ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਜਾਣਾ ਵੀ ਪਸੰਦ ਨਹੀਂ ਆਇਆ।

ਹਾਲਾਂਕਿ, ਐਮੀ ਵਿਰਕ ਨੇ ਸਫ਼ਾਈ ਦਿੰਦਿਆਂ ਕਿਹਾ ਕਿ ਇਹ ਫ਼ਿਲਮਾਂ ਕਿਸਾਨ ਅੰਦੋਲਨ ਤੋਂ ਪਹਿਲਾਂ ਸ਼ੁਰੂ ਹੋਈਆਂ ਸਨ। ਦੋਹਾਂ ਫਿਲਮਾਂ ਵਿੱਚ “ਜੀ ਸਟੂਡੀਓ” ਦੀ ਸ਼ਮੂਲੀਅਤ ਪਹਿਲੇ ਦਿਨ ਤੋਂ ਸੀ। ਹਿੰਦੀ ਫ਼ਿਲਮ “ਭੁਜ” ਵੀ 2019 ਵਿੱਚ ਬਣੀ ਸੀ। ਵਿਰਕ ਨੇ ਕਿਹਾ ਕਿ ਇਨ੍ਹਾਂ ਕੰਪਨੀਆਂ ਦੇ ਨਾਲ ਕੰਮ ਕਰਨਾ ਉਸਦੀ ਮਜ਼ਬੂਰੀ ਸੀ। ਉਹ ਕੰਪਨੀ ਨਾਲ ਕੀਤੇ ਹੋਏ ਇਕਰਾਰਨਾਮੇ ਵਿੱਚ ਬੱਝੇ ਹੋਏ ਸਨ। ਜੇ ਇਕਰਾਰਨਾਮੇ ਦੀ ਪਾਲਣਾ ਨਹੀਂ ਕੀਤੀ ਜਾਂਦੀ ਤਾਂ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਉਨ੍ਹਾਂ ਨੂੰ ਫਿਲਮ ਦੇ ਬਜਟ 120 ਕਰੋੜ ਰੁਪਏ ਦੇ ਬਰਾਬਰ ਮੁਆਵਜ਼ਾ ਦੇਣ ਲਈ ਜ਼ਿੰਮੇਵਾਰ ਹੋਣਾ ਪਿਆ ਸੀ। ਉਨ੍ਹਾਂ ਕਿਹਾ ਕਿ ਅਜੈ ਦੇਵਗਨ ਪਿਛਲੇ ਸਾਲ ਨਵੰਬਰ ਮਹੀਨੇ ਵਿੱਚ ਕਿਸਾਨਾਂ ਦੇ ਵਿਰੋਧ ਦੇ ਪੱਖ ਵਿੱਚ ਸਨ ਪਰ ਬਾਅਦ ਵਿੱਚ ਉਹ ਆਪਣਾ ਪੱਖ ਬਦਲ ਗਏ।

ਇੱਕ ਮਹੀਨਾ ਪਹਿਲਾਂ ਰਿਲੀਜ਼ ਹੋਏ ਫਿਲਹਾਲ 2 ਗਾਣੇ ਵਿੱਚ ਕੰਮ ਕਰਨ ਲਈ ਵੀ ਐਮੀ ਵਿਰਕ ਦੀ ਬਹੁਤ ਆਲੋਚਨਾ ਹੋਈ ਕਿਉਂਕਿ ਇਸ ਗਾਣੇ ਵਿੱਚ ਅਕਸ਼ੈ ਕੁਮਾਰ ਨੇ ਵੀ ਕੰਮ ਕੀਤਾ ਸੀ, ਜਿਸਦਾ ਕਿਸਾਨਾਂ ਨੇ ਵਿਰੋਧ ਕੀਤਾ ਹੋਇਆ ਹੈ। ਵਿਰਕ ਨੇ ਕਿਹਾ ਕਿ ਅਕਸ਼ੈ ਕੁਮਾਰ ਦਾ ਵਿਰੋਧ ਇਸ ਸਾਲ ਫਰਵਰੀ ਮਹੀਨੇ ਵਿੱਚ ਸ਼ੁਰੂ ਹੋਇਆ ਸੀ ਪਰ ਗਾਣੇ ਦੀ ਸ਼ੂਟਿੰਗ ਪਿਛਲੇ ਸਾਲ ਅਕਤੂਬਰ ਮਹੀਨੇ ਵਿੱਚ ਹੋਈ ਸੀ ਅਤੇ ਇਹ ਗਾਣਾ ਅਕਸ਼ੈ ਕਮਾਰ ਦੇ ਵਿਰੋਧ ਤੋਂ ਪਹਿਲਾਂ ਹੀ ਰਿਲੀਜ਼ ਹੋ ਗਿਆ ਸੀ।