India

ਸੰਗਤ ਨੇ ਨਹੀਂ ਚੁਣਿਆ ਮਨਜਿੰਦਰ ਸਿੰਘ ਸਿਰਸਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਦਾ ਅੱਜ ਨਤੀਜਾ ਆ ਗਿਆ ਹੈ। DSGMC ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਜਿੱਤ ਹਾਸਿਲ ਕਰ ਲਈ ਹੈ। ਮਨਜਿੰਦਰ ਸਿੰਘ ਸਿਰਸਾ ਆਪਣੀ ਸੀਟ ਪੰਜਾਬੀ ਬਾਗ ਤੋਂ 350 ਵੋਟਾਂ ਨਾਲ ਹਾਰ ਗਏ ਹਨ ਅਤੇ ਉਨ੍ਹਾਂ ਦੇ ਵਿਰੋਧੀ ਹਰਵਿੰਦਰ ਸਿੰਘ ਸਰਨਾ ਜਿੱਤ ਗਏ ਹਨ। ਜਾਗੋ ਪਾਰਟੀ ਦੇ ਮੁਖੀ ਮਨਜੀਤ ਸਿੰਘ ਜੀਕੇ ਆਪਣੇ ਵਿਰੋਧੀ ਨਾਲੋਂ 661 ਵੱਧ ਵੋਟਾਂ ਲੈ ਕੇ ਜਿੱਤ ਗਏ ਹਨ। ਉਨ੍ਹਾਂ ਨੇ ਹਲਕਾ ਗ੍ਰੇਟਰ ਕੈਲਾਸ਼ ਤੋਂ ਚੋਣ ਲੜੀ ਸੀ। ਸਿਰਸਾ ਨੇ ਟਵੀਟ ਕਰਕੇ ਕਿਹਾ ਕਿ ’46 ‘ਚੋਂ 27 ਸੀਟਾਂ ਜਿਤਾ ਕੇ ਦਿੱਲੀ ਦੀ ਸੰਗਤ ਨੇ ਸਾਨੂੰ ਬਹੁਤ ਵੱਡਾ ਮਾਣ ਬਖ਼ਸ਼ਿਆ ਹੈ। ਇਹ ਜਿੱਤ ਦਿੱਲੀ ਦੀ ਸਾਰੀ ਸੰਗਤ ਦੀ ਹੈ, ਅਸੀਂ ਦਿੱਲੀ ਦੀ ਸੰਗਤ ਦੇ ਚਰਨਾਂ ਵਿੱਚ ਸੀਸ ਨਿਵਾ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਮਾਣ ਬਖਸ਼ਣ ਲਈ ਉਹਨਾਂ ਦਾ ਧੰਨਵਾਦ ਕਰਦੇ ਹਾਂ।’

ਅਕਾਲੀ ਦਲ ਬਾਦਲ ਦੇ ਜਸਮੇਨ ਸਿੰਘ ਨੋਨੀ ਵਾਰਡ ਵਿਵੇਕ ਵਿਹਾਰ ਤੋਂ ਜਿੱਤ ਗਏ ਹਨ। ਹਰਵਿੰਦਰ ਸਿੰਘ ਸਰਨਾ 125 ਦੇ ਨਾਲ ਅੱਗੇ ਚੱਲ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੁਖਵਿੰਦਰ ਸਿੰਘ ਬੱਬਰ, ਰਮਨਜੋਤ ਸਿੰਘ ਮੀਤਾ, ਪਰਵਿੰਦਰ ਸਿੰਘ ਲੱਕੀ ਵੀ ਜਿੱਤ ਗਏ ਹਨ। ਵਾਰਡ ਨੰਬਰ 20 ਫਤਿਹ ਨਗਰ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਅਮਰਜੀਤ ਸਿੰਘ ਪੱਪੂ ਨੇ ਚੋਣ ਜਿੱਤੀ। ਵਾਰਡ ਨੰਬਰ 46 ਪ੍ਰੀਤ ਵਿਹਾਰ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਭੁਪਿੰਦਰ ਸਿੰਘ ਜੇਤੂ ਕਰਾਰ। ਵਾਰਡ ਨੰਬਰ 39 ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਰਮੀਤ ਸਿੰਘ ਕਾਲਕਾ 786 ਵੋਟਾਂ ਦੇ ਨਾਲ ਚੋਣ ਜਿੱਤੇ। ਵਾਰਡ ਨੰਬਰ 34 ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਗੁਰਪ੍ਰੀਤ ਸਿੰਘ ਜੱਸਾ ਚੋਣ ਜਿੱਤ ਗਏ।