‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਕਾਂਗਰਸ ਦੇ ਬਾਗੀ ਧੜੇ ਦੇ ਵਿਧਾਇਕ ਖੁਰਨ ਲੱਗੇ ਹਨ। ਕਈ ਵਿਧਾਇਕ ਹਾਲਾਂਕਿ ਜਿਹੜੇ ਮੀਟਿੰਗ ਵਿੱਚ ਹਾਜ਼ਰ ਸਨ, ਨੇ ਬਾਅਦ ਵਿੱਚ ਕਹਿ ਦਿੱਤਾ ਕਿ ਉਹ ਨਵੀਂ ਮੂਵ ਵਿੱਚ ਸ਼ਾਮਿਲ ਨਹੀਂ ਹੋਣਗੇ। ਅੱਜ ਕਾਂਗਰਸ ਅੰਦਰਲੀ ਤਸਵੀਰ ਹੋਰ ਬਦਲ ਗਈ ਜਦੋਂ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਬਾਗੀ ਧੜੇ ਦੇ ਪੰਜ ਮੈਂਬਰੀ ਵਫ਼ਦ ਨੂੰ ਸਪੱਸ਼ਟ ਕਰ ਦਿੱਤਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਲੜੀਆਂ ਜਾਣਗੀਆਂ। ਹਰੀਸ਼ ਰਾਵਤ ਨੇ ਪੰਜਾਬ ਕਾਂਗਰਸ ਦਾ ਅੰਦਰੂਨੀ ਮਸਲਾ ਜਲਦੀ ਨਿਬੇੜ ਲੈਣ ਦੀ ਗੱਲ ਦੁਹਰਾਈ ਹੈ। ਦੂਜੇ ਪਾਸੇ ਬਾਗੀ ਕੈਪਟਨ ਅਮਰਿੰਦਰ ਸਿੰਘ ਨੂੰ ਅਹੁਦੇ ਤੋਂ ਲਾਹੁਣ ਲਈ ਹਾਈਕਮਾਂਡ ਨਾਲ ਮੁਲਾਕਾਤ ਕਰਨ ਲਈ ਦ੍ਰਿੜ੍ਹ ਹਨ। ਬਾਗੀ ਧੜੇ ਵੱਲੋਂ ਗਠਿਤ ਪੰਜ ਮੈਂਬਰੀ ਕਮੇਟੀ, ਜਿਸ ਵਿੱਚ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖ ਸਰਕਾਰੀਆ ਅਤੇ ਚਰਨਜੀਤ ਚੰਨੀ ਸਮੇਤ ਵਿਧਾਇਕ ਪਰਗਟ ਸਿੰਘ ਸ਼ਾਮਿਲ ਹਨ, ਨੇ ਦੇਹਰਾਦੂਨ ਵਿਖੇ ਹਰੀਸ਼ ਰਾਵਤ ਦੇ ਨਾਲ ਮੁਲਾਕਾਤ ਕੀਤੀ ਹੈ। ਸੂਤਰ ਤਾਂ ਇਹ ਵੀ ਦੱਸਦੇ ਹਨ ਕਿ ਬਾਗੀ ਧੜਾ ਕੈਪਟਨ ਅਮਰਿੰਦਰ ਸਿੰਘ ਦੀ ਥਾਂ ਮੁੱਖ ਮੰਤਰੀ ਦੀ ਕੁਰਸੀ ‘ਤੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੂੰ ਬਿਠਾਉਣ ਦੀ ਤਿਆਰੀ ਕਰ ਰਿਹਾ ਹੈ।
ਪੰਜਾਬ ਕਾਂਗਰਸ ਵਿੱਚ ਲੰਘੇ ਕੱਲ੍ਹ ਬਗਾਵਤ ਹੋਰ ਵੱਧ ਗਈ ਜਦੋਂ ਕਾਂਗਰਸ ਦੇ ਕਈ ਲੀਡਰਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਲੀਡਰਸ਼ਿਪ ‘ਤੇ ਬੇਭਰੋਸਗੀ ਜਤਾਉਂਦਿਆਂ ਕੋਈ ਹੋਰ ਲੀਡਰ ਬਣਾਉਣ ਦੀ ਮੰਗ ਰੱਖ ਦਿੱਤੀ ਸੀ। ਬਾਗੀ ਧੜੇ ਨੇ ਕੱਲ੍ਹ ਕੈਬਿਨਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਦੇ ਘਰ ਇੱਕ ਮੀਟਿੰਗ ਕਰਕੇ ਪਾਰਟੀ ਹਾਈਕਮਾਨ ਨੂੰ ਮਿਲਣ ਲਈ ਪੰਜ ਮੈਂਬਰੀ ਵਫ਼ਦ ਦਾ ਗਠਨ ਕੀਤਾ ਸੀ।
ਕੱਲ੍ਹ ਕੈਬਿਨਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਦੇ ਘਰ ਕਈ ਕਾਂਗਰਸੀ ਵਿਧਾਇਕਾਂ ਤੇ ਕੈਬਿਨਟ ਮੰਤਰੀਆਂ ਨੇ ਮੀਟਿੰਗ ਕੀਤੀ ਸੀ, ਜਿਸ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਝੰਡਾ ਚੁੱਕਣ ਦਾ ਫੈਸਲਾ ਲਿਆ ਗਿਆ ਸੀ। ਇਸ ਲਈ ਇਨ੍ਹਾਂ ਲੀਡਰਾਂ ਨੇ ਹਾਈਕਮਾਂਡ ਨੂੰ ਮਿਲਣ ਦਾ ਫੈਸਲਾ ਕੀਤਾ ਅਤੇ ਪੰਜ ਮੈਂਬਰੀ ਕਮੇਟੀ ਬਣਾਈ।
ਕਿਹੜੇ ਵਿਧਾਇਕਾਂ ਨੇ ਬਗਾਵਤ ਤੋਂ ਖੁਦ ਨੂੰ ਕੀਤਾ ਵੱਖ
ਜਿਨ੍ਹਾਂ ਸੱਤ ਵਿਧਾਇਕਾਂ ਨੇ ਕੈਪਟਨ ਖਿਲਾਫ਼ ਹੋ ਰਹੀ ਬਗਾਵਤ ਤੋਂ ਖੁਦ ਨੂੰ ਵੱਖ ਕੀਤਾ ਹੈ, ਉਨ੍ਹਾਂ ਵਿੱਚ
- ਵਿਧਾਇਕ ਕੁਲਦੀਪ ਵੈਦ
- ਵਿਧਾਇਕ ਦਲਵੀਰ ਸਿੰਘ ਗੋਲਡੀ
- ਵਿਧਾਇਕ ਸੰਤੋਖ ਸਿੰਘ ਭਲਾਈਪੁਰ
- ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ
- ਵਿਧਾਇਕ ਅੰਗਦ ਸਿੰਘ
- ਵਿਧਾਇਕ ਰਾਜਾ ਵੜਿੰਗ
- ਵਿਧਾਇਕ ਗੁਰਕੀਰਤ ਕੋਟਲੀ, ਸ਼ਾਮਿਲ ਹਨ।
ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਸਾਜਿਸ਼ੀ ਚੁੱਪ ਧਾਰੀ ਬੈਠੇ ਹਨ ਪਰ ਉਨ੍ਹਾਂ ਦੀ ਪਤਨੀ ਅਤੇ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਪ੍ਰੈੱਸ ਕਾਨਫਰੰਸ ਕਰਕੇ ਨਵਜੋਤ ਸਿੰਘ ਸਿੱਧੂ ਉੱਤੇ ਬਗਾਵਤ ਨੂੰ ਤੂਲ ਦੇਣ ਦਾ ਦੋਸ਼ ਲਾ ਦਿੱਤਾ ਹੈ। ਹੋਰ ਜਾਣਕਾਰੀ ਅਨੁਸਾਰ ਕਾਂਗਰਸ ਦੀ ਕੌਮੀ ਜਨਰਲ ਸਕੱਤਰ ਅਤੇ ਗਾਂਧੀ ਪਰਿਵਾਰ ਦੀ ਧੀ ਪ੍ਰਿਅੰਕਾ ਗਾਂਧੀ ਨੇ ਕੈਪਟਨ ਅਮਰਿੰਦਰ ਸਿੰਘ ਦੇ ਕਿਸਾਨਾਂ ਨਾਲ ਗੰਨੇ ਦੇ ਭਾਅ ਨੂੰ ਲੈ ਕੇ ਹੋਈ ਮੀਟਿੰਗ ਦੇ ਸਫ਼ਲ ਰਹਿਣ ‘ਤੇ ਸਰਕਾਰ ਦੀ ਪਿੱਠ ਥਾਪੜੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਭਾਜਪਾ ਨੇ ਚਾਰ ਸਾਲ ਕਿਸਾਨਾਂ ਨੂੰ ਲਾਰੇ ਲਾਏ, ਕਈ ਤਰ੍ਹਾਂ ਦੀਆਂ ਧਮਕੀਆਂ ਦਿੱਤੀਆਂ ਪਰ ਕੈਪਟਨ ਅਮਰਿੰਦਰ ਸਿੰਘ ਨੇ ਪਹਿਲੀ ਮੀਟਿੰਗ ਵਿੱਚ ਹੀ ਕਿਸਾਨਾਂ ਦੇ ਦਿਲ ਜਿੱਤ ਲਏ ਹਨ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਚੁੱਪ ਅਤੇ ਸਬਰ ਦੇ ਕਈ ਅਰਥ ਲਏ ਜਾ ਰਹੇ ਹਨ। ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਕਾਂਗਰਸ ਹਾਈਕਮਾਂਡ ਵਾਸਤੇ ਮੁੱਖ ਮੰਤਰੀ ਬਦਲਣਾ ਖ਼ਤਰੇ ਤੋਂ ਖ਼ਾਲੀ ਨਹੀਂ ਹੋਵੇਗਾ ਪਰ ਅਮਰਿੰਦਰ ਸਿੰਘ ਜਿਵੇਂ ਸਾਰੀ ਸਥਿਤੀ ਨਾਲ ਨਜਿੱਠ ਰਹੇ ਹਨ ਉਸ ਤੋਂ ਇਹ ਲੱਗਣ ਲੱਗਾ ਹੈ ਕਿ ਉਹ ਕੋਈ ਵਿਧਾਨ ਸਭਾ ਭੰਗ ਕਰਨ ਦਾ ਵੱਡਾ ਫ਼ੈਸਲਾ ਵੀ ਲੈ ਸਕਦੇ ਹਨ। ਭਾਰਤੀ ਜਨਤਾ ਪਾਰਟੀ ਇਹ ਫ਼ੈਸਲਾ ਵੀ ਵਾਰਾ ਖ਼ਾਂਦਾ ਲੱਗਦਾ ਹੈ ਕਿਉਂਕਿ ਪੰਜਾਬ ਵਿੱਚ ਭਾਜਪਾ ਦੀ ਹਾਲ ਦੀ ਘੜੀ ਪੈਰ ਪੂਰੀ ਤਰ੍ਹਾਂ ਉੱਖੜੇ ਹੋਏ ਹਨ। ਭਾਜਪਾ ਨੂੰ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਕੋਈ ਵੀ ਸੀਟ ਮਿਲਣੀ ਇੱਕ ਪਾਸੇ ਰਹੀ ਉਹ ਲੋਕਾਂ ਵਿੱਚ ਜਾਣ ਤੋਂ ਵੀ ਡਰਦੇ ਹਨ। ਚਰਚਾ ਤਾਂ ਇਹ ਵੀ ਹੈ ਕਿ ਭਾਜਪਾ ਪੰਜਾਬ ਦੇ ਹਾਲਾਤਾਂ ਦੇ ਬਹਾਨੇ ਚੋਣਾਂ ਤੋਂ ਪਹਿਲਾਂ ਗਵਰਨਰੀ ਰਾਜ ਲਾ ਕੇ ਅਸਿੱਧੇ ਤੌਰ ‘ਤੇ ਪੰਜਾਬ ਵਿੱਚ ਆਪਣੀ ਹਕੂਮਤ ਬਣਾ ਲਵੇ। ਕਾਂਗਰਸ ਦੀ ਸਥਿਤੀ ਇੱਕ-ਅੱਧੇ ਦਿਨ ਵਿੱਚ ਸਪੱਸ਼ਟ ਹੋਣ ਦੀ ਸੰਭਾਵਨਾ ਹੈ ਅਤੇ ਪੰਜਾਬ ਦਾ ਸਿਆਸੀ ਭਵਿੱਖ ਇਸ ‘ਤੇ ਨਿਰਭਰ ਕਰਨ ਲੱਗਾ ਹੈ। ਕਾਂਗਰਸ ਦਾ ਕਾਟੋ-ਕਲੇਸ਼ ਖ਼ਤਮ ਨਾ ਹੋਣ ਦਾ ਸਿੱਧਾ ਮਤਲਬ ਹੋਵੇਗਾ ਸ਼੍ਰੋਮਣੀ ਅਕਾਲੀ ਦਲ ਜਾਂ ਕਿਸੇ ਹੋਰ ਸਿਆਸੀ ਪਾਰਟੀ ਨੂੰ ਥਾਲੀ ਵਿੱਚ ਪਰੋਸ ਕੇ ਅਗਲੀ ਸਰਕਾਰ ਦੇਣਾ।