‘ਦ ਖ਼ਾਲਸ ਬਿਊਰੋ :- ਪਟਿਆਲਾ ਦੇ ਬਡੂੰਗਰ ਇਲਾਕੇ ਵਿੱਚ ਬੀਤੀ ਸ਼ਾਮ ਦੋ ਧੜਿਆਂ ਵਿੱਚ ਹੋਈ ਲੜਾਈ ਦੌਰਾਨ ਤਲਵਾਰਾਂ, ਇੱਟਾਂ, ਪੱਥਰਾਂ ਨਾਲ ਹਮਲਾ ਕਰਨ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਇਹ ਲੜਾਈ ਵਿਦਿਆਰਥੀਆਂ ਦੇ ਦੋ ਗੁੱਟਾਂ ਦੇ ਵਿਚਕਾਰ ਹੋਈ ਦੱਸੀ ਜਾ ਰਹੀ ਹੈ, ਜਿਸ ਨੂੰ ਲੈ ਕੇ ਪੁਲੀਸ ਚਸ਼ਮਦੀਦਾਂ ਤੋਂ ਪੁੱਛਗਿੱਛ ਕਰ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਾਣਕਾਰੀ ਅਨੁਸਾਰ ਬੀਤੀ ਸ਼ਾਮ ਬਡੂੰਗਰ ਇਲਾਕੇ ਵਿੱਚ ਨੌਜਵਾਨਾਂ ਦੇ ਦੋ ਗੁੱਟ ਆਪਸ ਵਿੱਚ ਭਿੜ ਗਏ ਹਨ। ਮੌਕੇ ‘ਤੇ ਮੌਜੂਦ ਚਸ਼ਮਦੀਦਾਂ ਅਨੁਸਾਰ ਇੱਕ ਕਾਰ ਦੇ ਉੱਪਰ ਇੱਟਾਂ ਰੋੜੇ ਮਾਰੇ ਜਾਣ ਅਤੇ ਫਾਇਰਿੰਗ ਦਾ ਪਤਾ ਲੱਗਣ ਤੋਂ ਬਾਅਦ ਸਥਾਨਕ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਦੇ ਸ਼ਟਰ ਬੰਦ ਕਰ ਲਏ। ਚਸ਼ਮਦੀਦਾਂ ਅਨੁਸਾਰ ਲੜਾਈ ਕਰਨ ਵਾਲੇ ਦੋਵੇਂ ਗੁੱਟਾਂ ਦੇ ਕੋਲ ਤੇਜ਼ਧਾਰ ਹਥਿਆਰ ਸਨ। ਉਨ੍ਹਾਂ ਦੇ ਵਿੱਚੋਂ ਇੱਕ ਗਰੁੱਪ ਨੇ ਉੱਥੇ ਮੌਜੂਦ ਕਾਰ ਸਵਾਰਾਂ ਅਤੇ ਕਾਰ ਦੇ ਉੱਪਰ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਭੰਨ ਦਿੱਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਏ।
ਥਾਣਾ ਸਿਵਲ ਲਾਈਨ ਦੇ ਐੱਸਐੱਚਓ ਅਤੇ ਹੋਰ ਪੁਲੀਸ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਉਨ੍ਹਾਂ ਨੇ ਹਾਲਾਤ ਦਾ ਜਾਇਜ਼ਾ ਲਿਆ। ਐੱਸਐੱਚਓ ਸਿਵਲ ਲਾਈਨ ਜੀ ਐੱਸ ਭਿੰਡਰ ਨੇ ਦੱਸਿਆ ਕਿ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ ਅਤੇ ਹੁਣ ਤੱਕ ਜੋ ਜਾਣਕਾਰੀ ਮਿਲੀ ਹੈ, ਉਸਦੇ ਅਨੁਸਾਰ ਸਾਨੂੰ ਪਤਾ ਲੱਗਿਆ ਹੈ ਕਿ ਲੜਾਈ ਕਰਨ ਵਾਲੇ ਦੋਵੇਂ ਗੁੱਟਾਂ ਨੇ ਇੱਕ ਦੂਜੇ ਦੇ ਖ਼ਿਲਾਫ਼ ਤੇਜ਼ਧਾਰ ਹਥਿਆਰਾਂ ਦੀ ਵਰਤੋਂ ਕੀਤੀ ਅਤੇ ਇੱਟਾਂ ਰੋੜਿਆਂ ਤੋਂ ਇਲਾਵਾ ਗੋਲੀ ਵੀ ਚਲਾਈ ਹੈ।