India

ਕੇਂਦਰੀ ਮੰਤਰੀ ਰਾਣੇ ਨੂੰ ਹੱਥ ਪਾਉਣ ਦਾ ਪੁਲਿਸ ਨੇ ਕੀਤਾ ਹੀਲਾ

‘ਦ ਖ਼ਾਲਸ ਬਿਊਰੋ :- ਨਾਸਿਕ ਪੁਲਿਸ ਨੇ ਕੇਂਦਰੀ ਮੰਤਰੀ ਨਾਰਾਇਣ ਰਾਣੇ ਦੀ ਗ੍ਰਿਫਤਾਰੀ ਦੇ ਹੁਕਮ ਜਾਰੀ ਕਰ ਦਿੱਤੇ ਹਨ। ਕਰੋਨਾ ਨਿਯਮਾਂ ਦੀ ਉਲੰਘਣਾ ਦੇ ਦੋਸ਼ ਹੇਠ ਤਿਰੰਗਾ ਯਾਤਰਾ ਕੱਢਣ ਉੱਤੇ ਭਾਜਪਾ ਆਗੂ ਨਾਰਾਇਣ ਰਾਣੇ ਦੀ ਗ੍ਰਿਫਤਾਰੀ ਦੇ ਹੁਕਮ ਨਾਸਿਕ ਦੇ ਪੁਲਿਸ ਕਮਿਸ਼ਨਰ ਵੱਲੋਂ ਜਾਰੀ ਕੀਤੇ ਗਏ ਹਨ। ਇਸ ਲਈ ਡੀਸੀਪੀ ਪੱਧਰ ਦੇ ਅਧਿਕਾਰੀ ਦੀ ਇਹ ਜ਼ਿੰਮੇਵਾਰੀ ਲਗਾਈ ਗਈ ਹੈ। ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਨਾਰਾਇਣ ਰਾਣੇ ਕੇਂਦਰੀ ਮੰਤਰੀ ਅਤੇ ਰਾਜ ਸਭਾ ਮੈਂਬਰ ਹਨ, ਇਸ ਲਈ ਉਪ-ਰਾਸ਼ਟਰਪਤੀ ਨੂੰ ਸੂਚਿਤ ਕਰਕੇ ਪੂਰੀ ਪ੍ਰਕਿਰਿਆ ਦੀ ਪਾਲਣ ਕੀਤੀ ਜਾਵੇਗੀ। ਨਾਸਿਕ ਪੁਲਿਸ, ਨਾਸਿਕ ਸਾਈਬਰ ਅਤੇ ਪੁਣੇ ਪੁਲਿਸ ਵਿੱਚ ਨਾਰਾਇਣ ਰਾਣੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਦਰਅਸਲ, ਦੋ ਦਿਨਾਂ ਦੀ ਤਿਰੰਗਾ ਯਾਤਰਾ ਦੌਰਾਨ ਉਨ੍ਹਾਂ ਖਿਲਾਫ 36 ਐੱਫਆਈਆਰ ਦਰਜ ਕੀਤੀਆਂ ਗਈਆਂ ਹਨ। ਪਹਿਲੇ ਦਿਨ 19 ਅਤੇ ਦੂਜੇ ਦਿਨ 17 ਦਰਜ ਕੀਤੀਆਂ ਗਈਆਂ ਹਨ।