‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਦੀ ਅਗਵਾਈ ਹੇਠ ਅੱਜ ਸ਼੍ਰੋਮਣੀ ਕਮੇਟੀ ਦੀ ਅੰਤ੍ਰਿਗ ਕਮੇਟੀ ਨੇ ਕਈ ਅਹਿਮ ਫੈਸਲੇ ਲਏ ਹਨ। ਬੀਬੀ ਜਗੀਰ ਕੌਰ ਨੇ ਕਿਹਾ ਕਿ ਵਿਦੇਸ਼ਾਂ ਵਿੱਚੋਂ ਸ਼੍ਰੋਮਣੀ ਕਮੇਟੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲੈਣ ਵਾਸਤੇ ਬਹੁਤ ਸਾਰੀ ਮੰਗ ਆਉਂਦੀ ਹੈ। ਜਦੋਂ ਅਸੀਂ ਗੁਰੂ ਸਾਹਿਬ ਜੀ ਦੇ ਸਰੂਪ ਬਾਹਰ ਭੇਜਦੇ ਹਨ ਤਾਂ ਰਸਤੇ ਵਿੱਚ ਕਈ ਵਾਰ ਮਰਿਯਾਦਾ ਭੰਗ ਹੋ ਜਾਂਦੀ ਹੈ, ਜਿਸ ਕਰਕੇ ਸਾਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਸ਼੍ਰੋਮਣੀ ਕਮੇਟੀ ਨੇ ਵੱਖ-ਵੱਖ ਥਾਂਵਾਂ ‘ਤੇ ਪ੍ਰਿਟਿੰਗ ਪ੍ਰੈੱਸਾਂ ਲਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹ ਪ੍ਰਿਟਿੰਗ ਪ੍ਰੈੱਸਾਂ ਅਮਰੀਕਾ, ਕੈਨੇਡਾ, ਨਿਊਜ਼ੀਲੈਂਡ, ਅਸਟ੍ਰੇਲੀਆ ਸਮੇਤ ਹੋਰ ਮੁਲਕਾਂ ਵਿੱਚ ਲਗਾਈਆਂ ਜਾਣਗੀਆਂ। ਉੱਥੇ ਵੱਸਦੇ ਗੁਰਸਿੱਖਾਂ ਨੂੰ ਬੇਨਤੀ ਕੀਤੀ ਜਾਵੇਗੀ ਕਿ ਉਹ ਉੱਥੇ ਸਾਨੂੰ ਵਧੀਆ ਅਤੇ ਢੁੱਕਵੀਂ ਥਾਂ ਉਪਲੱਬਧ ਕਰਵਾ ਕੇ ਦੇਣ। ਉੱਥੇ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਛਪਾਈ ਕਰਾਵਾਂਗੇ। ਵੱਖ-ਵੱਖ ਸੂਬਿਆਂ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਆਪਣੀਆਂ ਗੱਡੀਆਂ ਰਾਹੀਂ ਅਤੇ ਵੱਖ-ਵੱਖ ਦੇਸ਼ਾਂ ਵਿੱਚ ਨਵੀਆਂ ਪ੍ਰਿਟਿੰਗ ਪ੍ਰੈੱਸਾਂ ਸਥਾਪਤ ਕਰਕੇ ਸਰੂਪ ਸੰਗਤ ਨੂੰ ਉਪਲੱਬਧ ਕੀਤੇ ਜਾਣਗੇ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਕਰਤਾਰਪੁਰ ਲਾਂਘਾ ਖੋਲ੍ਹਣ ਲਈ ਸ਼੍ਰੋਮਣੀ ਕਮੇਟੀ ਨੇ ਵਿਦੇਸ਼ ਮੰਤਰੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਹੈ। ਪਾਕਿਸਤਾਨ ਵੱਲੋਂ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੀ ਦਰਬਾਰ ਸਾਹਿਬ ਵਿੱਚ ਲੰਮੇ ਸਮੇਂ ਤੋਂ ਗ੍ਰੰਥੀ ਸਿੰਘਾਂ ਦੀ ਘਾਟ ਚੱਲਦੀ ਆ ਰਹੀ ਹੈ। ਗ੍ਰੰਥੀ ਬਹੁਤ ਘੱਟ ਰਹਿ ਗਏ ਹਨ। ਇਸ ਲਈ ਅੱਜ ਸਾਡੀ ਕਮੇਟੀ ਨੇ ਨਿਯਮਾਂ ਅਨੁਸਾਰ, ਟੈਸਟ, ਇੰਟਰਵਿਊ ਲੈਣ ਤੋਂ ਬਾਅਦ ਗ੍ਰੰਥੀ ਸਿੰਘਾਂ ਨੂੰ ਚੁਣਿਆ ਗਿਆ ਹੈ। ਤਿੰਨ ਗ੍ਰੰਥੀਆਂ ਨੂੰ ਅੱਜ ਸ਼੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਵਜੋਂ ਨਿਯੁਕਤ ਕੀਤਾ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਅਮਰੀਕਾ ਵਿੱਚ ਡਿਊਟੀ ਦੌਰਾਨ ਇੱਕ ਸਿੱਖ ਪੁਲਿਸ ਅਫ਼ਸਰ ਸੰਦੀਪ ਸਿੰਘ ਸ਼ਹੀਦ ਹੋ ਗਏ ਸਨ। ਉਸ ਸੰਦੀਪ ਸਿੰਘ ਨੇ ਛੇ-ਸੱਤ ਸਾਲ ਦਸਤਾਰ ਦੀ ਲੜਾਈ ਲੜੀ। ਇਸ ਲਈ ਜਦੋਂ ਉਹ ਸ਼ਹੀਦ ਹੋਇਆ ਸੀ ਤਾਂ ਅਮਰੀਕੀ ਸਰਕਾਰ ਨੇ ਉਸਨੂੰ ਬਹੁਤ ਵੱਡਾ ਮਾਨ ਦਿੱਤਾ ਸੀ। ਅਮਰੀਕੀ ਸਰਕਾਰ ਨੇ ਉਸਦੇ ਮਾਨ ਵਿੱਚ ਆਪਣੇ ਡਾਕਖਾਨਿਆਂ ਦੇ ਨਾਂ, ਸੜਕਾਂ, ਪਾਰਕਾਂ ਦੇ ਨਾਂ ਉਨ੍ਹਾਂ ਦੇ ਨਾਂ ‘ਤੇ ਰੱਖਿਆ ਗਿਆ। ਇਸ ਲਈ ਅਸੀਂ ਉਸਦੇ ਇਲਾਕੇ ਨੂੰ 10 ਲੱਖ ਰੁਪਏ ਵਿੱਤੀ ਮਦਦ ਦਿੱਤੀ ਅਤੇ ਉਨ੍ਹਾਂ ਦੀ ਫੋਟੋ ਅਜਾਇਬ ਘਰ ਵਿੱਚ ਲਾਉਣ ਦੀ ਪ੍ਰਵਾਨਗੀ ਦਿੱਤੀ। ਸਾਕਾ ਨਨਕਾਣਾ ਸਾਹਿਬ ਵਿੱਚ ਸ਼ਹੀਦ ਹੋਣ ਵਾਲੇ ਭਾਈ ਈਸ਼ਰ ਸਿੰਘ, ਅਮਰ ਸਿੰਘ ਦੀ ਫੋਟੋ ਵੀ ਅਜਾਇਬ ਘਰ ਵਿੱਚ ਲਗਾਈ ਜਾਵੇਗੀ। ਬੀਬੀ ਜਗੀਰ ਕੌਰ ਨੇ ਕਿਹਾ ਕਿ ਅਖੰਡ ਪਾਠ ਸਾਹਿਬ ਦੀ ਭੇਟਾ 8500 ਰੁਪਏ ਤੋਂ ਵਧਾ ਕੇ 9500 ਰੁਪਏ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲਾ ਪਾਠੀਆਂ ਦੇ ਕਹਿਣ ‘ਤੇ ਲਿਆ ਗਿਆ ਹੈ।