Punjab

ਤੁਹਾਨੂੰ ਵੀ ਲੱਗਦਾ ਹੈ ਕਿ ਪੰਜਾਬ ‘ਚ ਰਾਜ ਸਿਰਫ਼ ਅਕਾਲੀ ਦਲ ਵੇਲੇ ਹੀ ਹੋਇਆ !

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ‘ਗੱਲ ਪੰਜਾਬ ਦੀ’ ਮੁਹਿੰਮ ਤਹਿਤ ਮਿੱਥੀ 100 ਦਿਨ-100 ਹਲਕਾ ਯਾਤਰਾ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਚ ਦਾਨੇਵਾਲਾ ਚੌਂਕ ਤੋਂ ਮਲੋਟ ਦਾਣਾ ਮੰਡੀ ਤੱਕ ਮੋਟਰਸਾਈਕਲ ਰੈਲੀ ਕੱਢੀ ਗਈ। ਸੁਖਬੀਰ ਬਾਦਲ ਨਾਲ ਉਨ੍ਹਾਂ ਦਾ ਬੇਟਾ ਅਨੰਤਬੀਰ ਸਿੰਘ ਬਾਦਲ ਵੀ ਮੌਜੂਦ ਰਿਹਾ। ਇਸ ਉਪਰੰਤ ਦਾਣਾ ਮੰਡੀ ਮਲੋਟ ਵਿਖੇ ਰੱਖੀ ਲੋਕ ਮਿਲਣੀ ਦੌਰਾਨ ਵੱਡੀ ਗਿਣਤੀ ‘ਚ ਕਾਂਗਰਸ ਅਤੇ ਭਾਜਪਾ ਦੇ ਵਰਕਰਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫ਼ੜ੍ਹਿਆ। ਪਾਰਟੀ ਪ੍ਰਧਾਨ ਵੱਲੋਂ ਸ਼ਾਮਲ ਹੋਏ ਨਵੇਂ ਮੈਂਬਰਾਂ ਦਾ ਸਵਾਗਤ ਕੀਤਾ ਗਿਆ ਅਤੇ ਭਰੋਸਾ ਦਿੱਤਾ ਗਿਆ ਕਿ ਪਾਰਟੀ ‘ਚ ਉਨ੍ਹਾਂ ਨੂੰ ਪੂਰਾ ਮਾਣ-ਸਤਿਕਾਰ ਮਿਲਦਾ ਰਹੇਗਾ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਵਿਕਾਸ ਸਿਰਫ਼ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਵੇਲੇ ਹੀ ਹੋਈ ਹੈ। ਵਿਕਾਸ ਕਰਨਾ ਮੇਰਾ ਸ਼ੌਂਕ ਹੈ। ਲੋਕ ਸਮਝਦੇ ਹਨ ਕਿ ਮੈਂ ਬਹੁਤ ਵੱਡੀ ਗੱਲ ਕਹਿ ਦਿੱਤੀ ਹੈ ਪਰ ਮੈਂ ਜੋ ਵੀ ਕਿਹਾ, ਬਹੁਤ ਸੋਚ ਕੇ ਕਿਹਾ। ਪੰਜ ਸਾਲਾਂ ਵਿੱਚ ਤਿੰਨ ਹਜ਼ਾਰ ਮੈਗਾਵਾਟ ਵੱਧ ਗਿਆ ਹੈ ਪਰ ਪਲਾਂਟ ਲਾਏ ਨਹੀਂ ਗਏ। ਅਸੀਂ ਸ਼ਹਿਰਾਂ ਨੂੰ, ਖ਼ਾਸ ਕਰਕੇ ਮਲੋਟ ਸ਼ਹਿਰ ਨੂੰ ਬਹੁਤ ਵਿਕਸਿਤ ਕਰਨਾ ਹੈ। ਪੰਜਾਬ ਇਕੱਲਾ ਸੂਬਾ ਹੈ, ਜਿੱਥੇ ਹਰ 150-200 ਕਿਲੋਮੀਟਰ ‘ਤੇ ਹੀ ਏਅਰਪੋਰਟ ਬਣਾ ਦਿੱਤਾ ਗਿਆ ਹੈ। ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦਾ ਵਿਕਾਸ ਹੋਵੇ ਪਰ ਪੰਜਾਬ ਨੂੰ ਮੁੱਖ ਮੰਤਰੀ ਨਿਕੰਮਾ ਮਿਲਿਆ ਹੈ। ਸਿੱਧੂ ਅਜਿਹੇ ਸਲਾਹਕਾਰ ਲਾਈ ਫਿਰਦਾ ਹੈ ਜੋ ਜੰਮੂ ਕਸ਼ਮੀਰ ਨੂੰ ਆਪਣਾ ਹਿੱਸਾ ਹੀ ਨਹੀਂ ਮੰਨਦੇ। ਉਨ੍ਹਾਂ ਕਿਹਾ ਕਿ ਇਹੀ ਚੋਣਾਂ ਹਨ ਜਿਸ ਨਾਲ ਜਾਂ ਤਾਂ ਅਸੀਂ ਲਾਰਿਆਂ ਵਿੱਚ ਆ ਕੇ ਬਹੁਤ ਪਿੱਛੇ ਚਲੇ ਜਾਵਾਂਗੇ ਜਾਂ ਫਿਰ ਬਹੁਤ ਅੱਗੇ ਜਾਵਾਂਗੇ। ਸੁਖਬੀਰ ਸਿੰਘ ਬਾਦਲ ਨੇ ਵਿਧਾਨ ਸਭਾ ਹਲਕਾ ਮਲੋਟ ਤੋਂ ਪਹਿਲਾਂ ਦੋ ਵਾਰੀ ਵਿਧਾਇਕ ਬਣ ਚੁੱਕੇ ਹਰਪ੍ਰੀਤ ਸਿੰਘ ਕੋਟਭਾਈ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵਲੋਂ ਉਮੀਦਵਾਰ ਐਲਾਨ ਦਿੱਤਾ ਹੈ।