Punjab

ਸਿੱਧੂ ਦੇ ਸਲਾਹਕਾਰ ਮਾਲੀ ਦਾ ਕੈਪਟਨ ਨੂੰ ਮੋੜਵਾਂ ਜਵਾਬ

‘ਦ ਖ਼ਾਲਸ ਬਿਊਰੋ :- ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਮਲਵਿੰਦਰ ਸਿੰਘ ਮਾਲੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੋੜਵਾਂ ਜਵਾਬ ਦਿੱਤਾ ਹੈ। ਮਾਲੀ ਨੇ ਸੋਸ਼ਲ ਮੀਡੀਆ ਰਾਹੀਂ ਕੈਪਟਨ ਨੂੰ ਜਵਾਬ ਦਿੰਦਿਆਂ ਕਿਹਾ ਕਿ “ਕੈਪਟਨ ਸਾਹਿਬ ਪੰਜਾਬ ਪੁੱਛਦੈ : ਤੂੰ ਇੱਧਰ ਉੱਧਰ ਕੀ ਬਾਤ ਮਤ ਕਰ, ਯੇਹ ਬਤਾ ਕਾਫ਼ਲਾ ਕਿਉਂ ਲੁਟਾ। ਹਮੇ ਰਾਹਜਨੋਂ ਸੇ ਗਰਜ ਨਹੀਂ ਤੇਰੀ ਰਹਿਬਰੀ ਪੇ ਸੁਆਲ ਹੈ : ਸਹੁੰ ਖਾ ਕੇ ਮੁੱਕਰ ਗਿਆਂ, ਹੁਣ ਵੱਸ ਨਹੀਂ ਰਾਜਿਆ ਤੇਰੇ ਵਰਗੀਆਂ ਪੰਜਾਬ ਵਿੱਚ ਬੋਲੀਆਂ ਕਿਉਂ ਪੈ ਰਹੀਆਂ ਹਨ? ਕਸ਼ਮੀਰ ਤੇ ਪਾਕਿਸਤਾਨ ਬਾਰੇ ਵਿਚਾਰਾਂ ਦੇ ਮੱਤ-ਭੇਦ ਹਨ ਤੇ ਭਾਰਤ ਦਾ ਸੰਵਿਧਾਨ ਇਸਦਾ ਹੱਕ ਦਿੰਦਾ ਹੈ। ਪੰਜਾਬ ਸਿਰ ਤਿੰਨ ਲੱਖ ਕਰੋੜ ਦਾ ਕਰਜ਼ਾ ਕਿਸਨੇ ਤੇ ਕਿਉਂ ਚਾੜਿਆ ਹੈ? ਪੰਜਾਬ ਦੇ ਨੌਜਵਾਨਾਂ ਦੀ ਵਿਦੇਸ਼ਾਂ ਵੱਲ ਦੌੜ ਕਿਉਂ ਹੈ? ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਤਾਂ ਇਹ ਕਿਹਾ ਸੀ ਕਿ ਉੱਤਮ ਖੇਤੀ ਹੈ ਪਰ ਪੰਜਾਬ ਦਾ ਕਿਸਾਨ ਮਜ਼ਦੂਰ ਖ਼ੁਦਕੁਸ਼ੀ ਦੇ ਰਾਹ ਕਿਉਂ ਪੈ ਗਿਆ ਹੈ ਤੇ ਪੰਜਾਬੀ ਦਿੱਲੀ ਬਾਰਡਰਾਂ ’ਤੇ ਬੇਘਰ ਹੋ ਕੇ ਕਿਉਂ ਬੈਠੇ ਹਨ ? ਪੰਜਾਬ ਦਾ ਹਰ ਵਰਗ ਅੰਦੋਲਨ ਕਿਉਂ ਕਰ ਰਿਹਾ ਹੈ? ਕੀ ਇਹ ਸਾਰੇ ਪਾਕਿਸਤਾਨ ਦੇ ਇਸ਼ਾਰੇ ’ਤੇ ਹੀ ਇਹ ਕੁੱਝ ਕਰ ਰਹੇ ਹਨ ? ਅਰੂਸਾ ਆਲਮ ਦੀ ਗੱਲ ਮੈਂ ਨਹੀਂ ਕਰ ਰਿਹਾ !! ਮਾਲੀ ਨੇ ਪੰਜਾਬ ਸਰਕਾਰ ਵੱਲੋਂ ਜਾਰੀ ਪ੍ਰੈੱਸ ਨੋਟ, ਜਿਸ ਵਿੱਚ ਮਾਲੀ ਤੇ ਗਰਗ ਨੂੰ ਤਾੜਨਾ ਕੀਤੀ ਗਈ ਹੈ, ਉਸ ਦਾ ਕੁੱਝ ਹਿੱਸਾ ਵੀ ਸਾਂਝਾ ਕੀਤਾ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਦੇ ਸਲਾਹਕਾਰਾਂ ਨੂੰ ਭਾਰਤ ਦੀ ਸ਼ਾਂਤੀ ਨੂੰ ਖ਼ਰਾਬ ਕਰਨ ਦੀ ਸੰਭਾਵਨਾਵਾਂ ਰੱਖਦੀਆਂ ਖੁੱਲ੍ਹੇਆਮ ਰਾਸ਼ਟਰ ਵਿਰੋਧੀ ਟਿੱਪਣੀਆਂ ਕਰਨ ਤੋਂ ਤਾੜਿਆ ਸੀ। ਗਰਗ ਨੂੰ ਵੀ ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ ਸਲਾਹ ਦੇਣ ਤੱਕ ਆਪਣਾ ਕੰਮ ਕਰਨ ਅਤੇ ਸੰਵੇਦਨਸ਼ੀਲ ਮੁੱਦਿਆਂ ਉੱਤੇ ਨਾ ਬੋਲਣ ਲਈ ਕਿਹਾ ਸੀ।