Punjab

ਸੁਮੇਧ ਸੈਣੀ ਕੇਸ ਵਿੱਚ ਨਵਾਂ ਮੋੜ, ਜੇ ਵਿਜੀਲੈਂਸ ਦੀ ਸੁਣੀ ਗਈ ਤਾਂ …

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਪੰਜਾਬ ਦੇ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ ਦੀ ਰਿਹਾਈ ਤੋਂ ਬਾਅਦ ਜਿਸ ਹਿਸਾਬ ਨਾਲ ਵਿਜੀਲੈਂਸ ਨੂੰ ਝਟਕਾ ਲੱਗਾ ਸੀ, ਉਸਨੂੰ ਕਿਸੇ ਹੀਲੇ ਦਰੁਸਤ ਕਰਨ ਲਈ ਹੁਣ ਵਿਭਾਗ ਨੇ ਹਾਈਕੋਰਟ ਦਾ ਮੁੜ ਤੋਂ ਰੁਖ ਕੀਤਾ ਹੈ। ਜਾਣਕਾਰੀ ਅਨੁਸਾਰ ਵਿਜੀਲੈਂਸ ਵੱਲੋਂ ਹਾਈਕੋਰਟ ਵਿੱਚ ਰੀਕਾਲ ਪਟੀਸ਼ਨ ਯਾਨੀ ਕਿ ਰਿਹਾਈ ਦੇ ਹੁਕਮ ਨੂੰ ਰਿਵਿਊ ਕਰਨ ਲਈ ਪਟੀਸ਼ਨ ਪਾਈ ਜਾ ਰਹੀ ਹੈ। ਇਸ ਵਿੱਚ ਹਾਈਕੋਰਟ ਤੋਂ ਮੰਗ ਕੀਤੀ ਜਾਵੇਗੀ ਕਿ ਉਹ ਸੈਣੀ ਦੀ ਰਿਹਾਈ ਦੇ ਹੁਕਮਾਂ ਨੂੰ ਮੁੜ ਤੋਂ ਵਿਚਾਰੇ ਤੇ ਅਗਲੇ ਹੁਕਮ ਜਾਰੀ ਕਰੇ। ਦੱਸਿਆ ਜਾ ਰਿਹਾ ਹੈ ਕਿ ਇਹ ਮੰਗ ਪਟੀਸ਼ਨ ਮੁੜ ਤੋਂ ਉਸੇ ਜੱਜ ਕੋਲ ਜਾਵੇਗੀ, ਜਿਸਨੇ ਰਿਹਾਈ ਕਰਨ ਦੇ ਹੁਕਮ ਦਿੱਤੇ ਸਨ।

ਦੱਸ ਦਈਏ ਕਿ 24 ਘੰਟਿਆਂ ਦੇ ਅੰਦਰ ਹੀ ਸੁਮੇਧ ਸੈਣੀ ਦੇ ਬਾਹਰ ਆਉਣ ਨਾਲ ਕਿਤੇ ਨਾ ਕਿਤੇ ਸਰਕਾਰ ਉੱਪਰ ਦਬਾਅ ਬਣਿਆ ਹੋਇਆ ਹੈ ਤੇ ਵਿਜੀਲੈਂਸ ਹਾਈਕੋਰਟ ਦੇ ਹੁਕਮ ਦੇ ਖਿਲਾਫ ਇਹ ਮੰਗ ਅਰਜ਼ੀ ਦਾਖਿਲ ਕਰਕੇ ਸੁਮੇਧ ਸੈਣੀ ਨੂੰ ਮੁੜ ਤੋਂ ਕਟਹਿਰੇ ਵਿੱਚ ਖੜ੍ਹਾ ਕਰਨ ਲਈ ਕੋਸ਼ਿਸ਼ਾਂ ਕਰ ਰਹੀ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਦੋਸ਼ਾਂ ਵਿੱਚ ਗ੍ਰਿਫਤਾਰ ਕੀਤੇ ਗਏ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ ਦੀ ਪਤਨੀ ਸ਼ੋਭਾ ਸੈਣੀ ਵੱਲੋਂ ਦਾਇਰ ਇਕ ਅਰਜ਼ੀ ਉੱਤੇ ਗੌਰ ਕਰਦਿਆਂ ਤੁਰੰਤ ਮੁਲਜ਼ਮ ਨੂੰ ਰਿਹਾਅ ਕਰਨ ਦੇ ਹੁਕਮ ਜਾਰੀ ਕੀਤੇ ਸਨ।ਹਾਈਕੋਰਟ ਨੇ ਪੰਜਾਬ ਵਿਜੀਲੈਂਸ ਨੂੰ ਸਵਾਲ ਕੀਤਾ ਹੈ ਕਿ ਆਖਿਰ ਬੁੱਧਵਾਰ ਦੀ ਸ਼ਾਮ ਨੂੰ ਸਾਬਕਾ ਡੀਜੀਪੀ ਨੂੰ ਗ੍ਰਿਫਤਾਰ ਕਿਉਂ ਕੀਤਾ ਹੈ, ਜਦੋਂ ਕਿ ਹਾਈਕੋਰਟ ਨੇ ਸੈਣੀ ਜਮਾਨਤ ਦਿੱਤੀ ਹੋਈ ਸੀ।ਹਾਈਕੋਰਟ ਨੇ ਇਹ ਵੀ ਕਿਹਾ ਸੀ ਕਿ ਸੈਣੀ ਦੇ ਰਿਮਾਂਡ ਉੱਤੇ ਹਾਲ ਦੀ ਘੜ੍ਹੀ ਕੋਈ ਫੈਸਲਾ ਨਾ ਲਿਆ ਜਾਵੇ।