Punjab

ਬੀਜੇਪੀ ਦੀ ਕੋਰ ਕਮੇਟੀ ਬੈਠਕ ਨੇ ‘ਪਾਕਿਸਤਾਨ’ ਨੂੰ ਕਿਉਂ ਪਾਈ ਲਾਹਨਤ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਚੰਡੀਗੜ੍ਹ ਵਿੱਚ ਅੱਜ ਪੰਜਾਬ ਬੀਜੇਪੀ ਦੀ ਕੋਰ ਕਮੇਟੀ ਬੈਠਕ ਹੋਈ। ਪਾਰਟੀ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਇਹ ਬੈਠਕ ਹੋਈ। ਬੈਠਕ ਵਿੱਚ 2022 ਦੀਆਂ ਚੋਣਾਂ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ। ਬੈਠਕ ਵਿੱਚ ਸੁਰਜੀਤ ਜਿਆਣੀ ਵੀ ਸ਼ਾਮਿਲ ਹੋਏ। ਮੀਟਿੰਗ ਤੋਂ ਬਾਅਦ ਬੀਜੇਪੀ ਲੀਡਰਾਂ ਨੇ ਕਿਹਾ ਕਿ ਬੈਠਕ ਵਿੱਚ ਪਿਛਲੇ ਦਿਨੀਂ ਪਾਕਿਸਤਾਨ, ਅਫ਼ਗਾਨਿਸਤਾਨ ਵਿੱਚ ਜੋ ਕੁੱਝ ਵੀ ਵਾਪਰਿਆਂ, ਉਸ ‘ਤੇ ਵਿਚਾਰ ਕੀਤਾ ਗਿਆ। ਪਿਛਲੇ ਦਿਨੀਂ ਪਾਕਿਸਤਾਨ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਤੋੜਿਆ ਗਿਆ। ਇਹ ਮਹਾਰਾਜਾ ਰਣਜੀਤ ਸਿੰਘ ਦੀ 180ਵੀਂ ਬਰਸੀ ਮੌਕੇ ਲਗਾਇਆ ਗਿਆ ਸੀ। ਇਸ ਬੁੱਤ ਨੂੰ ਅੱਜ ਤੱਕ ਤਿੰਨ ਵਾਰ ਤੋੜਿਆ ਗਿਆ ਸੀ। ਉਨ੍ਹਾਂ ਨੇ ਪਾਕਿਸਤਾਨ ਸਰਕਾਰ ਨੂੰ ਲਾਹਨਤ ਪਾਉਂਦਿਆਂ ਕਿਹਾ ਕਿ ਜੇ ਤੁਹਾਨੂੰ ਉਨ੍ਹਾਂ ਪ੍ਰਤੀ ਕੋਈ ਸ਼ਰਧਾ ਨਹੀਂ ਸੀ ਤਾਂ ਉਹ ਬੁੱਤ ਲਗਾਉਣਾ ਹੀ ਨਹੀਂ ਚਾਹੀਦਾ ਸੀ ਅਤੇ ਜੇ ਲਗਾਇਆ ਹੈ, ਤਾਂ ਫਿਰ ਉਸਦੀਂ ਪੂਰੀ ਤਰ੍ਹਾਂ ਸੁਰੱਖਿਆ, ਸਾਂਭ-ਸੰਭਾਲ ਕਰਨੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਅਸੀਂ ਅਫ਼ਗਾਨਿਸਤਾਨ ਵਿੱਚ ਫ਼ਸੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਕੱਢਣ ਲਈ ਕੇਂਦਰ ਸਰਕਾਰ ਨੂੰ ਕਹਾਂਗੇ। ਉਨ੍ਹਾਂ ਨੇ ਗੰਨੇ ਦੀ ਕੀਮਤ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਕਿਸਾਨਾਂ ਨੂੰ ਗੰਨੇ ਦੀ ਸਹੀ ਕੀਮਤ ਦੇਣੀ ਚਾਹੀਦੀ ਹੈ। ਉਨ੍ਹਾਂ ਨੇ ਅਨਿਲ ਜੋਸ਼ੀ ਦੇ ਪਾਰਟੀ ਤੋਂ ਬਾਹਰ ਨਿਕਲਣ ਬਾਰੇ ਬੋਲਦਿਆਂ ਕਿਹਾ ਕਿ ਕਿਸੇ ਦੇ ਨਿਕਲ ਜਾਣ ਨਾਲ ਪਾਰਟੀ ਨਹੀਂ ਰੁਕਦੀ, ਪਾਰਟੀ ਚੱਲਦੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਅਨਿਲ ਜੋਸ਼ੀ ਪਾਰਟੀ ਛੱਡਣ ਦਾ ਅਸਲੀ ਕਾਰਨ ਨਹੀਂ ਦੱਸ ਰਹੇ, ਉਹ ਕਿਸਾਨਾਂ ਲਈ ਪਾਰਟੀ ਛੱਡਣ ਦਾ ਝੂਠਾ ਦਾਅਵਾ ਕਰ ਰਹੇ ਹਨ। ਹਾਲਾਂਕਿ, ਅਨਿਲ ਜੋਸ਼ੀ ਨੇ ਕਿਹਾ ਹੈ ਕਿ ਉਨ੍ਹਾਂ ਨੇ ਪਾਰਟੀ ਨਹੀਂ ਛੱਡੀ ਬਲਕਿ ਉਨ੍ਹਾਂ ਨੂੰ ਕਿਸਾਨਾਂ ਦੀ ਹਮਾਇਤ ਕਰਨ ਕਰਕੇ ਪਾਰਟੀ ਵਿੱਚੋਂ ਛੇ ਸਾਲਾਂ ਲਈ ਕੱਢਿਆ ਗਿਆ ਸੀ। ਪਰ ਹੁਣ ਅਨਿਲ ਜੋਸ਼ੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਵਿੱਚ ਆਪਣੇ ਸਾਥੀਆਂ ਸਮੇਤ ਸ਼ਾਮਿਲ ਹੋ ਗਏ ਹਨ।