Punjab

ਲੋਕਾਂ ‘ਚ ਭਰੋਸਾ ਬੀਜਣ ਲਈ ਸੁਖਬੀਰ ਨੇ ਖੇਤਾਂ ਵਿੱਚ ਬਹਿ ਕੇ ਪੀਤੀ ਗੁੜ ਵਾਲੀ ਚਾਹ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਆਪਣੀ 100 ਦਿਨਾਂ ਦੀ ਪੰਜਾਬ ਯਾਤਰਾ ਦੇ ਦੂਜੇ ਦਿਨ ਸੁਖਬੀਰ ਬਾਦਲ ਅੱਜ ਗੁਰੂ ਹਰਸਹਾਇ ਵੱਲ ਪਹੁੰਚ ਗਏ। ਸੁਖਬੀਰ ਬਾਦਲ ਲੋਕਾਂ ਦੀ ਨਬਜ਼ ਟੋਹਣ ਲਈ ਇਹ ਯਾਤਰਾ ਕਰ ਰਹੇ ਹਨ ਤੇ ਖਬਰਾਂ ਇਹ ਵੀ ਮਿਲੀਆਂ ਨੇ ਕਿ ਸੁਖਬੀਰ ਨੇ ਲੋਕਾਂ ਵਿੱਚ ਮੁੜ ਭਰੋਸਾ ਬੀਜਣ ਲਈ ਕਿਸਾਨਾਂ ਨਾਲ ਖੇਤਾਂ ਵਿੱਚ ਬਹਿ ਕੇ ਗੁੜ ਵਾਲੀ ਚਾਹ ਪੀਤੀ ਹੈ।

ਜਾਣਕਾਰੀ ਅਨੁਸਾਰ ਸੁਖਬੀਰ ਬਾਦਲ ਨੇ ਗੁਰੂਹਰਸਹਾਏ ਵਿੱਚ ਕਿਸਾਨਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਅਤੇ ਉਨ੍ਹਾਂ ਵੱਲੋਂ ਦਿੱਤੇ ਗਏ ਸਨਮਾਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ।ਇਸ ਮੌਕੇ ਇੱਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਸ਼ਹਿਰ ਵਾਸੀਆਂ ਨੂੰ ਕਾਰਜ–ਯੋਜਨਾ ਵੀ ਬਾਰੇ ਜਾਣਕਾਰੀ ਦਿੱਤੀ।

ਉਨ੍ਹਾਂ ਭਰੋਸਾ ਦਿੱਤਾ ਕਿ ਉਹ ਕਾਂਗਰਸ ਸਰਕਾਰ ਵੱਲੋਂ ਰੱਦ ਕੀਤੀਆਂ ਸਕੀਮਾਂ ਨੂੰ ਮੁੜ ਚਾਲੂ ਕਰਨਗੇ। ਇੰਨਾ ਹੀ ਨਹੀਂ, ਉਨ੍ਹਾਂ ਦੀ ਸਰਕਾਰ ਪੰਜਾਬ ਦੀ ਤਰੱਕੀ ਅਤੇ ਭਾਈਚਾਰੇ ਨੂੰ ਬਹਾਲ ਕਰਨ ਲਈ ਕਦਮ ਚੁੱਕੇਗੀ। ਉਨ੍ਹਾਂ ਕਿਹਾ ਕਿ ਅਸੀਂ ਹਰ ਵਰਗ ਦੀ ਤਰੱਕੀ ਲਈ ਬਰਾਬਰ ਧਿਆਨ ਨਾਲ ਕੰਮ ਕਰਾਂਗੇ।

ਦੱਸ ਦੇਈਏ ਕਿ ਸੁਖਬੀਰ ਬਾਦਲ ਨੇ ਕੱਲ੍ਹ ਬੁੱਧਵਾਰ ਤੋਂ 100 ਦਿਨਾਂ ਵਿੱਚ 100 ਹਲਕਿਆਂ ਦਾ ਦੌਰਾ ਕਰਨ ਦੀ ਸ਼ੁਰੂਆਤ ਕੀਤੀ ਸੀ ਅਤੇ ਇਹ ਸ਼ੁਰੂਆਤ ਹਲਕਾ ਜ਼ੀਰਾ ਤੋਂ ਕੀਤੀ ਗਈ ਹੈ। ਇਸੇ ਤਹਿਤ ਅੱਜ ਉਹ ਦੂਜੇ ਦਿਨ ਗੁਰੂਹਰਸਹਾਏ ਪੁੱਜੇ ਸਨ।