International

ਪਾਕਿਸਤਾਨ ਨੇ ਕਿਉਂ ਕਿਹਾ-ਗਲਤ ਬਿਆਨਬਾਜ਼ੀ ਕਰ ਰਿਹਾ ਹੈ ਭਾਰਤ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਪਾਕਿਸਤਾਨ ਸਰਕਾਰ ਨੇ ਕਿਹਾ ਹੈ ਕਿ ਅਫਗਾਨਿਸਤਾਨ ਵਿੱਚ ਤਾਲਿਬਾਨ ਵੱਲੋਂ ਰਾਜਧਾਨੀ ਕਾਬੁਲ ਸਣੇ ਜ਼ਿਆਦਾਤਰ ਹਿੱਸਿਆਂ ਉੱਤੇ ਕਬਜ਼ਾ ਕਰਨ ਤੋਂ ਬਾਅਦ ਇੱਥੇ ਇਕ ਵੀ ਮੁਹਾਜ਼ਿਰ ਯਾਨੀ ਕਿ ਸ਼ਰਨਾਰਥੀ ਨਹੀਂ ਆਇਆ ਹੈ।

ਪਾਕਿਸਤਾਨ ਦੇ ਗ੍ਰਹਿ ਮੰਤਰੀ ਸ਼ੇਖ ਰਸ਼ੀਦ ਨੇ ਇੱਕ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਪਾਕਿਸਤਾਨ ਅਤੇ ਅਫਗਾਨਿਸਤਾਨ ਦੀ ਡੁਰੰਡ ਸੀਮਾ ਬਿਲਕੁਲ ਸ਼ਾਂਤ ਹੈ।ਉਨ੍ਹਾਂ ਕਿਹਾ ਕਿ ਮੈਂ ਭਾਰਤੀ ਮੀਡੀਆ ਦੀਆਂ ਖਬਰਾਂ ਦਾ ਖੰਡਨ ਕਰਦਾ ਹਾਂ, ਕੋਈ ਅਫਗਾਨ ਮੁਹਾਜ਼ਿਰ ਪਾਕਿਸਤਾਨ ਨਹੀਂ ਆਇਆ ਹੈ।ਭਾਰਤ, ਪਾਕਿਸਤਾਨ ਦੇ ਬਾਰਡਰ ਨੂੰ ਲੈ ਕੇ ਜੋ ਕੁੱਝ ਵੀ ਕਹਿ ਰਿਹਾ ਹੈ, ਉਹ ਸੌ ਫੀਸਦ ਗਲਤ ਹੈ।ਤੋਰਖਮ ਤੇ ਚਮਨ ਸਰਹੱਦਾਂ ਬਿਲਕੁਲ ਸ਼ਾਂਤ ਹਨ।

ਉਨ੍ਹਾਂ ਕਿਹਾ ਕਿ ਬਾਰਡਰ ਉੱਤੇ ਠੀਕ ਹਾਲਾਤ ਹਨ। ਸਿਵਲ ਸੁਰੱਖਿਆਕਰਮੀ ਵੀ ਹਨ। ਸੈਨਾ ਸੁਰੱਖਿਆਕਰਮੀ ਵੀ ਹਨ।7 ਅਗਸਤ ਤੋਂ ਹੁਣ ਤੱਕ ਅਫਗਾਨਿਸਤਾਨ ਤੋਂ 600 ਤੋਂ ਜ਼ਿਆਦਾ ਪਾਕਿਸਤਾਨੀ ਨਾਗਰਿਕ ਵਾਪਸ ਮੁੜੇ ਹਨ। ਅਫਗਾਨਿਸਤਾਨ ਦੇ ਲੱਖਾਂ ਸ਼ਰਨਾਰਥੀ ਪਹਿਲਾਂ ਹੀ ਪਾਕਿਸਤਾਨ ਵਿੱਚ ਰਹਿ ਰਹੇ ਹਨ। ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅਲਵੀ ਨੇ ਐਤਵਾਰ ਨੂੰ ਤੁਰਕੀ ਦੇ ਦੌਰੇ ਤੋਂ ਬਾਅਦ ਕਿਹਾ ਸੀ ਕਿ ਪਿਛਲੇ ਤਿੰਨ ਤੋਂ ਚਾਰ ਦਹਾਕਿਆਂ ਵਿੱਚ ਲੱਖਾਂ ਅਫਗਾਨ ਸ਼ਰਨਾਰਥੀ ਪਾਕਿਸਤਾਨ ਵਿੱਚ ਰਹਿ ਰਹੇ ਹਨ ਤੇ ਲੱਖਾਂ ਸ਼ਰਨਾਰਥੀ ਤੁਰਕੀ ਵਿੱਚ ਹਨ। ਇਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਦੋਵਾਂ ਦੇਸ਼ਾਂ ਦਾ ਦਿੱਲ ਕਿੱਡਾ ਵੱਡਾ ਹੈ।