International

ਤਾਲਿਬਾਨ ਨੂੰ ਮਾਨਤਾ ਬਾਰੇ ਕਿਸ ਦੀ ਸਲਾਹ ਲੈ ਰਿਹਾ ਪਾਕਿਸਤਾਨ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਪਾਕਿਸਤਾਨ ਨੇ ਕਿਹਾ ਹੈ ਕਿ ਉਹ ਅਫ਼ਗਾਨਿਸਤਾਨ ‘ਚ ਤਾਲਿਬਾਨ ਦੀ ਸਰਕਾਰ ਨੂੰ ਮਾਨਤਾ ਦੇਣ ਬਾਰੇ ਇੱਕ ਤਰਫਾ ਫ਼ੈਸਲਾ ਨਹੀਂ ਲਵੇਗਾ।ਇੱਕ ਪ੍ਰੈੱਸ ਕਾਨਫਰੰਸ ਦੌਰਾਨ ਪਾਕਿਸਤਾਨ ਦੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਫਵਾਦ ਚੌਧਰੀ ਨੇ ਕਿਹਾ ਕਿ ਇਸ ਬਾਰੇ ਕੋਈ ਵੀ ਫ਼ੈਸਲਾ ਖੇਤਰੀ ਅਤੇ ਕੌਮਾਂਤਰੀ ਸ਼ਕਤੀਆਂ ਦੇ ਸਲਾਹ-ਮਸ਼ਵਰੇ ਤੋਂ ਬਾਅਦ ਹੀ ਕੀਤਾ ਜਾਵੇਗਾ।

ਫਵਾਦ ਚੌਧਰੀ ਨੇ ਕਿਹਾ ਕਿ ਜੋ ਵੀ ਫ਼ੈਸਲਾ ਕੀਤਾ ਜਾਵੇਗਾ ਉਹ ਬਹੁਪੱਖੀ ਕੀਤਾ ਜਾਵੇਗਾ।ਇਸ ਲਈ ਅਸੀਂ ਇਕੱਲੇ ਕੋਈ ਫ਼ੈਸਲਾ ਨਹੀਂ ਕਰਨਾ ਚਾਹੁੰਦੇ।ਉਨ੍ਹਾਂ ਕਿਹਾ ਕਿ ਅਸੀਂ ਆਪਣੇ ਕੌਮਾਂਤਰੀ ਸਾਥੀਆਂ ਦੇ ਸੰਪਰਕ ਹਾਂ ਅਤੇ ਅਸੀਂ ਉਸੇ ਹਿਸਾਬ ਨਾਲ ਫ਼ੈਸਲਾ ਲਵਾਂਗੇ।

ਪਾਕਿਸਤਾਨ ਨੇ ਪਹਿਲਾ ਦਿੱਤੀ ਸੀ ਮਾਨਤਾ
ਤਾਲਿਬਾਨ ਨੇ ਜਦੋਂ ਪਿਛਲੀ ਵਾਰ 90 ਦੇ ਦਹਾਕੇ ਵਿੱਚ ਆਫ਼ਗਾਨਿਸਤਾਨ ਦੀ ਸੱਤਾ ਹੱਥ ਵਿੱਚ ਲਈ ਸੀ ਤਾਂ ਕੇਵਲ ਤਿੰਨ ਦੇਸ਼ਾਂ ਨੇ ਉਸ ਦੀ ਸਰਕਾਰ ਨੂੰ ਮਾਨਤਾ ਦਿੱਤੀ ਸੀ। ਉਹ ਦੇਸ਼ ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ ਅਤੇ ਪਾਕਿਸਤਾਨ ਸਨ, ਪਰ 1996 ਤੋਂ 2001 ਦੇ ਦੌਰ ਵਿੱਚ ਅਫ਼ਗਾਨਿਸਤਾਨ ਬਾਕੀ ਦੁਨੀਆਂ ਨਾਲੋਂ ਲਗਭਗ ਕੱਟਿਆ ਹੋਇਆ ਸੀ।