‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਸ਼ਿਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਐਲਾਨ ਕੀਤਾ ਹੈ ਕਿ ਉਹ ਪੰਜਾਬ ਦੇ 100 ਅਸੈਂਬਲੀ ਹਲਕਿਆਂ ਦੀ 100 ਦਿਨ ਯਾਤਰਾ ਕਰਨਗੇ ਤੇ ਲੋਕਾਂ ਤੋਂ ਫੀਡਬੈਕ ਲੈਣਗੇ ਕਿ ਉਹ ਆਪਣੇ ਇਲਾਕੇ ਲਈ ਕੀ ਚਾਹੁੰਦੇ ਹਨ। ਇਹ ਯਾਤਰਾ ਜੀਰਾ ਤੋਂ ਸ਼ੁਰੂ ਕੀਤੀ ਜਾਵੇਗੀ।ਇਕ ਪ੍ਰੈੱਸ ਕਾਨਫਰੰਸ ਵਿੱਚ ਇਹ ਐਲਾਨ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਲੋਕਾਂ ਨੂੰ ਮਿਲਣ ਤੋਂ ਬਾਅਦ ਹੀ ਪੰਜਾਬ ਦੇ ਵਿਕਾਸ ਲਈ ਅਗਲੀ ਰਣਨੀਤੀ ਬਣਾਈ ਜਾਵੇਗੀ।
ਉਨ੍ਹਾਂ ਕਿਹਾ ਕਿ ਸਾਡੇ ਕਿਸੇ ਵੀ ਲੀਡਰ ਨੇ ਕਦੇ ਸਹੁੰ ਖਾ ਕੇ ਕਿਸੇ ਵਿਕਾਸ ਦੀ ਗੱਲ ਨਹੀਂ ਕੀਤੀ। ਅਸੀਂ ਆਪਣੀ ਜ਼ਬਾਨ ਉੱਤੇ ਪੱਕੇ ਹਾਂ।ਇਸ ਮੌਕੇ ਸੁਖਬੀਰ ਬਾਦਲ ਨੇ ‘ਗੱਲ ਪੰਜਾਬ ਦੀ’ ਨਾਂ ਦੀ ਇਕ ਵੈੱਬਸਾਈਟ ਤੇ ਮਿਸ ਕਾਲ ਲਈ ਨੰਬਰ ਵੀ ਜਾਰੀ ਕੀਤਾ, ਜਿੱਥੇ ਲੋਕ ਆਪਣੇ ਹਲਕੇ ਲਈ ਗੱਲ ਰੱਖ ਸਕਦੇ ਹਨ।ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਕੀ ਚਾਹੁੰਦੇ ਹਨ, ਇਸ ਲਈ ਇਹ ਦੋ ਮੰਚ ਤਿਆਰ ਕੀਤੇ ਗਏ ਹਨ।
ਇਸ ਪ੍ਰੈੱਸ ਕਾਨਫਰੰਸ ਦੇ ਸਭ ਤੋਂ ਅਹਿਮ ਹਿੱਸੇ ਵਿੱਚ ਉਨ੍ਹਾਂ ਇਕ ਜਨਤਕ ਚਾਰਜਸ਼ੀਟ ਵੀ ਜਾਰੀ ਕੀਤੀ, ਜਿਸ ਵਿੱਚ ਪੰਜਾਬ ਦੇ ਕਈ ਮੌਜੂਦਾ ਮੰਤਰੀਆਂ ਦੇ ਨਾਂ ਹਨ, ਜਿਨ੍ਹਾਂ ਨੇ ਵੱਡੇ ਘਪਲੇ ਕੀਤੇ ਹਨ। ਕਾਂਗਰਸ ਤੇ ਆਮ ਆਦਮੀ ਪਾਰਟੀ ਉੱਤੇ ਨਿਸ਼ਾਨਾਂ ਕੱਸਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਦਿੱਲੀ ਤੋਂ ਕੋਈ ਹੁਕਮ ਨਹੀਂ ਆਉਂਦਾ, ਸਾਨੂੰ ਪੰਜਾਬ ਦੀ ਜਨਤਾ ਹੀ ਹੁਕਮ ਦਿੰਦੀ ਹੈ।ਉਨ੍ਹਾਂ ਕਿਹਾ ਕਿ ਜੇਕਰ ਬਸਪਾ ਤੇ ਅਕਾਲੀ ਦਲ ਦੇ ਗਠਜੋੜ ਦੀ ਸਰਕਾਰ ਬਣਦੀ ਹੈ ਤਾਂ ਪੰਜਾਬ ਦਾ ਖਜਾਨਾਂ ਖਾਲੀ ਕਰਨ ਵਾਲਿਆਂ ਨੂੰ ਸੀਖਾਂ ਪਿੱਛੇ ਧੱਕਿਆ ਜਾਵੇਗਾ, ਜਿੱਥੇ ਉਨ੍ਹਾਂ ਦੀ ਅਸਲੀ ਥਾਂ ਹੈ।
ਉਨ੍ਹਾਂ ਇਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਇਸ ਚਾਰਜਸ਼ੀਟ ਵਿੱਚ 132 ਪੇਜ ਹਨ ਤੇ ਇਸ ਵਿੱਚ ਸਾਰੇ ਮੁੱਦੇ ਚੁੱਕੇ ਗਏ ਹਨ।ਸੁਖਬੀਰ ਬਾਦਲ ਨੇ ਕਿਹਾ ਕਿ ਕੈਪਟਨ ਸਰਕਾਰ ਵੀ ਨਵਜੋਤ ਸਿੰਘ ਸਿੱਧੂ ਦੀ ਇਕ ਰਿਪੋਰਟ ਦਬਾ ਕੇ ਬੈਠੇ ਹਨ, ਉਹ ਵੀ ਜਨਤਕ ਹੋਣੀ ਚਾਹੀਦੀ ਹੈ।ਅਨਿਲ ਜੋਸ਼ੀ ਤੇ ਹੋਰ ਲੀਡਰਾਂ ਵੱਲੋਂ ਅਕਾਲੀ ਦਲ ਜਵਾਇੰਨ ਕਰਨ ਦੀਆਂ ਅਟਕਲਾਂ ਉੱਤੇ ਉਨ੍ਹਾਂ ਕਿਹਾ ਜਿਹੜੇ ਵੀ ਪਾਰਟੀ ਦੀਆਂ ਪਾਲਿਸੀਆਂ ਨਾਲ ਖੁਸ਼ ਹਨ, ਉਨ੍ਹਾਂ ਦਾ ਸਵਾਗਤ ਹੈ।