‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਜ਼ੀਰਕਪੁਰ ‘ਚ ਸੇਠੀ ਢਾਬੇ ਦੇ ਮਾਲਕ ਖਿਲਾਫ਼ ਧਾਰਮਿਕ ਬੋਲਾਂ ‘ਤੇ ਗਿੱਧਾ ਪਵਾਉਣ ਦੇ ਇਲਜ਼ਾਮ ਲੱਗੇ ਹਨ। ਤੀਆਂ ਦੇ ਤਿਉਹਾਰ ਮੌਕੇ ਸੇਠੀ ਵੱਲੋਂ ਕੁੱਝ ਔਰਤਾਂ ਵੱਲੋਂ ਗਿੱਧਾ ਪਵਾਇਆ ਗਿਆ ਸੀ। ਸੇਠੀ ਨੇ “ਹਮ ਕਰ ਸਾਜਣ ਆਏ ਪਿਆਰਿਆ ਸਾਚੇ ਮੇਲ ਮਿਲਾਏ।।” ਵਾਲੀ ਪੰਕਤੀ ‘ਤੇ ਔਰਤਾਂ ਵੱਲੋਂ ਭੰਗੜਾ ਪਵਾਇਆ ਸੀ। ਕਰੀਬ ਛੇ-ਸੱਤ ਔਰਤਾਂ ਨੇ ਢੋਲ ਦੀ ਤਾਲ ‘ਤੇ ਇਨ੍ਹਾਂ ਪੰਕਤੀਆਂ ‘ਤੇ ਭੰਗੜਾ ਪਾਇਆ ਸੀ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਇਹ ਪੰਕਤੀਆਂ ਬੇਸ਼ੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਨਹੀਂ ਹਨ ਪਰ ਜਦੋਂ ਵੀ ਕਿਸੇ ਦੇ ਘਰ ਵਿੱਚ ਜਾਂ ਕਿਸੇ ਪ੍ਰੋਗਰਾਮ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਂਦਾ ਹੈ ਤਾਂ ਉਸ ਸਮੇਂ ਖੁਸ਼ੀ ਵਜੋਂ, ਗੁਰੂ ਸਾਹਿਬ ਦੇ ਸਤਿਕਾਰ ਲਈ ਇਹ ਬੋਲ ਬੋਲੇ ਜਾਂਦੇ ਹਨ।
ਹਾਲਾਂਕਿ, ਸੋਨੂੰ ਸੇਠੀ ਨੇ ਇਸ ਲਈ ਮੁਆਫ਼ੀ ਮੰਗ ਲਈ ਹੈ ਪਰ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਸੇਠੀ ਖਿਲਾਫ਼ ਸਿੱਖ ਜਥੇਬੰਦੀਆਂ ਨੇ ਮਾਮਲਾ ਦਰਜ ਕਰਵਾਇਆ ਸੀ। ਜ਼ੀਰਕਪੁਰ ਪੁਲਿਸ ਨੇ ਅੱਜ ਸੇਠੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ਵਿੱਚ ਗਿੱਧਾ ਪਾਉਣ ਵਾਲੀ ਆਰ.ਜੇ.ਮੀਨਾਕਸ਼ੀ ਸਮੇਤ ਚਾਰ ਔਰਤਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਇਨ੍ਹਾਂ ਨੂੰ ਕਿਸੇ ਵੀ ਸਮੇਂ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ।