Punjab

ਸ਼੍ਰੀ ਗੁਰੂ ਨਾਨਕ ਜੀ ਦੇ ਜੀਵਨ ਉੱਤੇ ਅਧਾਰਿਤ ਪੁਸਤਕ ਕੀਤੀ ਰਿਲੀਜ਼

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤੀ ਗਈ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਸਿਖ ਜੀਵਨ ਤੇ ਯੋਗਦਾਨ ਪੁਸਤਕ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵਿਖੇ ਜਾਰੀ ਕੀਤਾ ਗਿਆ। ਇਸ ਮੌਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਚੇਚੇ ਤੌਰ ਉੱਤੇ ਹਾਜਿਰ ਸਨ।


ਇਸ ਪੁਸਤਕ ਨੂੰ ਸਿੰਘ ਬ੍ਰਦਰਜ਼ ਅੰਮ੍ਰਿਤਸਰ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ। ਸਿੰਘ ਸਾਹਿਬ ਨੇ ਇਸ ਕਾਰਜ ਦੀ ਭਰਪੂਰ ਸ਼ਲਾਘਾ ਕਰਦਿਆਂ ਪੁਸਤਕ ਦੇ ਲੇਖਕ ਡਾ. ਰਾਜਵਿੰਦਰ ਸਿੰਘ ਜੋਗਾ, ਰਿਸਰਚ ਸਕਾਲਰ, ਸਿੱਖ ਇਤਿਹਾਸ ਰਿਸਰਚ ਬੋਰਡ ਅਤੇ ਐਸੋਸੀਏਟ ਸੰਪਾਦਕ, ਗੁਰੂਦੁਆਰਾ ਗਜ਼ਟ, ਸ਼ਿਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ, ਸ਼੍ਰੀ ਅੰਮ੍ਰਿਤਸਰ ਨੂੰ ਵਧਾਈ ਦਿੱਤੀ।

ਇਸ ਪੁਸਤਕ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੀ ਹਜ਼ੂਰੀ ਦਾ ਅਨੰਦ ਮਾਨਣ ਵਾਲੇ 200 ਤੋਂ ਵਧ ਸਿੱਖਾਂ ਦਾ ਵਰਣਨ ਮਿਲਦਾ ਹੈ। ਇਸ ਮੌਕੇ ਗਿਆਨੀ ਮਲਕੀਤ ਸਿੰਘ, ਮੀਤ ਗ੍ਰੰਥੀ, ਸ਼੍ਰੀ ਅਕਾਲ ਤਖਤ ਸਾਹਿਬ, ਜਸਪਾਲ ਸਿੰਘ, ਇੰਚਾਰਜ ਸਕੱਤਰੇਤ ਸ਼੍ਰੀ ਅਕਾਲ ਤਖਤ ਸਾਹਿਬ, ਸਤਵਿੰਦਰ ਸਿੰਘ ਸੰਪਾਦਕ ਗੁਰਮਤਿ ਪ੍ਰਕਾਸ਼ ਤੇ ਗੁਰਮਤਿ ਗਿਆਨ, ਡਾ. ਰਾਜਵਿੰਦਰ ਸਿੰਘ ਜੋਗਾ, ਸਰਬਜੀਤ ਸਿੰਘ ਸ਼ਾਮਿਲ ਸਨ।