Punjab

ਖਿਡਾਰੀਆਂ ਲਈ ਅੱਜ ਫਿਰ ਹੋਏ ਵੱਡੇ ਐਲਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਨੇ ਸਾਰੇ ਟੋਕੀਓ ਖਿਡਾਰੀਆਂ ਨੂੰ ਉਨ੍ਹਾਂ ਦੀ ਕਾਮਯਾਬੀ ‘ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਾਰੇ ਖਿਡਾਰੀਆਂ ‘ਤੇ ਮਾਣ ਹੈ। ਸਾਰੇ ਖਿਡਾਰੀਆਂ ਨੇ ਟੋਕੀਓ ਓਲੰਪਿਕ ਵਿੱਚ ਬਹੁਤ ਹੀ ਸ਼ਾਨਦਾਰ ਅਤੇ ਵਧੀਆ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਮਿਲਖਾ ਸਿੰਘ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਯਾਦ ਵਿੱਚ ਚੰਡੀਗੜ੍ਹ ਵਿੱਚ ਇੱਕ ਗੋਲਫ਼ ਟੂਰਨਾਮੈਂਟ ਰੱਖਿਆ ਜਾਵੇਗਾ। ਚੰਡੀਗੜ੍ਹ ਵਿੱਚ ਸ਼ੂਟਿੰਗ ਦੀਆਂ ਖੇਡਾਂ ਲਈ ਸ਼ੂਟਿੰਗ ਰੇਂਜ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਬਹੁਤ ਸਾਰੇ ਸ਼ੂਟਰਸ ਨੂੰ ਲਾਭ ਦੇਣ ਲਈ ‘ਸਟੇਟ ਆਫ਼ ਦੀ ਆਰ’ (State Of The Our) ਸ਼ੁਰੂ ਕੀਤੀ ਜਾਵੇਗੀ।

ਖੇਡ ਮੰਤਰੀ ਰਾਣਾ ਸੋਢੀ ਨੇ ਟੋਕੀਓ ਓਲੰਪਿਕ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਦੀ ਹਾਕੀ ਟੀਮ ਨੇ ਹਾਕੀ ਦੀ ਖੇਡ ਵਿੱਚ ਸਾਡਾ ਸਿਰ ਉੱਚਾ ਕੀਤਾ ਹੈ। ਸਾਰੇ ਹਿੰਦੁਸਤਾਨ ਵਿੱਚ ਖੁਸ਼ੀਆਂ ਦਾ ਮਾਹੌਲ ਹੈ। ਪੰਜਾਬ ਖੇਡਾਂ ਵਿੱਚ ਪੁਲਾਂਘਾ ਮਾਰ ਰਿਹਾ ਹੈ। ਉਨ੍ਹਾਂ ਨੇ ਜਲੰਧਰ ਵਿੱਚ ਲੜਕੀਆਂ ਲਈ ‘ਵੂਮੈਨ ਵਿੰਗ ਅਕੈਡਮੀ’ ਸ਼ੁਰੂ ਕਰਨ ਦਾ ਐਲਾਨ ਕੀਤਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟੋਕੀਓ ਓਲੰਪਿਕ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅੱਜ ਅਸੀਂ ਖਿਡਾਰੀਆਂ ਦਾ ਧੰਨਵਾਦ ਕਰਨ ਲਈ ਮਿਲੇ ਹਾਂ, ਜਿਨ੍ਹਾਂ ਨੇ ਪੰਜਾਬੀਆਂ ਦਾ ਨਾਂ ਉੱਚਾ ਰੱਖਿਆ ਹੈ।