Punjab

‘ਆਪ’ ਨੇ ਮੜ੍ਹਿਆ ਦੋਸ਼, ਬੇਰੁਜ਼ਗਾਰਾਂ ਦੀਆਂ ਜੇਬ੍ਹਾਂ ਕੱਟਣ ਲੱਗੀ ਪੰਜਾਬ ਸਰਕਾਰ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਨੇ ਕਾਂਗਰਸ ਸਰਕਾਰ ਉੱਤੇ ਸੂਬੇ ‘ਚ ਪੈਦਾ ਹੋਈ ਬੇਰੁਜ਼ਗਾਰੀ ਨੂੰ ਲੁੱਟਣ ਦਾ ਦੋਸ਼ ਲਾਇਆ ਹੈ।ਸਰਕਾਰ ਨੇ ਪਹਿਲਾਂ ਪਟਵਾਰੀਆਂ ਦੀ ਭਰਤੀ ਲਈ ਮੋਟੀ ਫ਼ੀਸ ਰੱਖੀ ਤੇ ਬੇਰੁਜ਼ਗਾਰਾਂ ਕੋਲੋਂ ਕਰੋੜਾਂ ਰੁਪਏ ਵਸੂਲ ਲਏ, ਹੁਣ ਸਰਕਾਰ ਰੀਚੈਕਿੰਗ ਦਾ ਦਾਅਵਾ ਕਰਨ ਲਈ ਪ੍ਰਤੀ ਸਵਾਲ 500 ਰੁਪਏ ਫ਼ੀਸ ਰੱਖ ਕੇ ਪ੍ਰੀਖਿਆਰਥੀਆਂ ਕੋਲੋਂ ਕਰੋੜਾਂ ਰੁਪਏ ਹੋਰ ਲੁੱਟਣ ਦੀ ਯੋਜਨਾ ਬਣਾ ਰਹੀ ਹੈ।

‘ਆਪ’ ਦੇ ਵਿਧਾਇਕ ਤੇ ਯੂਥ ਵਿੰਗ ਦੇ ਸੂਬਾ ਪ੍ਰਧਾਨ ਮੀਤ ਹੇਅਰ ਅਤੇ ਬੁਲਾਰੇ ਐਡਵੋਕੇਟ ਦਿਨੇਸ਼ ਚੱਢਾ ਨੇ ਦੱਸਿਆ ਕਿ ਪਿਛਲੇ ਦਿਨੀਂ ਪੰਜਾਬ ਸਰਕਾਰ ਦੇ ਅਦਾਰੇ ਐਸ.ਐਸ.ਐਸ.ਬੋਰਡ ਨੇ ਪਟਵਾਰੀਆਂ ਦੀ ਭਰਤੀ ਲਈ ਮੁਕਾਬਲਾ ਪ੍ਰੀਖਿਆ ਕਰਵਾਈ ਸੀ। ਇਸ ਵਿੱਚ 5 ਸਵਾਲ ਹੀ ਗ਼ਲਤ ਦਰਜ ਸਨ।ਬੋਰਡ ਨੇ ਇਸ ਗ਼ਲਤੀ ਦੀ ਜ਼ਿੰਮੇਵਾਰੀ ਲੈਣ ਅਤੇ ਸਹੀ ਉੱਤਰਾਂ ਦੀ ਸਥਿਤੀ ਸਪਸ਼ਟ ਕਰਨ ਦੀ ਥਾਂ ਨਵਾਂ ਫ਼ਰਮਾਨ ਜਾਰੀ ਕੀਤਾ ਕਿ ਜੇਕਰ ਪ੍ਰੀਖਿਆਰਥੀ ਨੂੰ ਉਤਰ ਗ਼ਲਤ ਲਗਦੇ ਹਨ ਤਾਂ ਉਹ ਪ੍ਰਤੀ ਇੱਕ ਉਤਰ 500 ਰੁਪਏ ਜਮਾਂ ਕਰਵਾ ਕੇ ਰੀਚੈਕਿੰਗ ਕਰਵਾ ਸਕਦਾ ਹੈ।