India Punjab

ਜ਼ੀਰਕਪੁਰ ’ਚ ਹੈਜ਼ਾ ਪੀੜਤਾਂ ਦਾ ਹਾਲ ਜਾਨਣ ਪਹੁੰਚੇ ਸਿਹਤ ਮੰਤਰੀ, ਸਰਕਾਰੀ ਸਹਾਇਤਾ ਦੇਣ ਦਾ ਐਲਾਨ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਏਕਤਾ ਵਿਹਾਰ ਕਲੋਨੀ, ਬਲਟਾਣਾ ਜ਼ੀਰਕਪੁਰ ਦਾ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਦੌਰਾ ਕੀਤਾ, ਜਿੱਥੇ ਹੈਜ਼ਾ ਫੈਲਣ ਕਾਰਨ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਇਸ ਇਲਾਕੇ ਵਿੱਚੋਂ ਹੁਣ ਤੱਕ ਹੈਜ਼ੇ ਦੇ 340 ਕੇਸ ਸਾਹਮਣੇ ਆ ਚੁੱਕੇ ਹਨ।

ਸਿਹਤ ਮੰਤਰੀ ਸਿੱਧੂ ਨੇ ਦੱਸਿਆ ਕਿ ਇੱਥੇ ਪਾਣੀ ਦੀ ਸਪਲਾਈ ਵਿੱਚ ਕਿਸੇ ਹੋਰ ਪਾਸਿਓਂ ਗੰਦਾ ਪਾਣੀ ਰਲਣ ਦਾ ਖਦਸ਼ਾ ਹੈ, ਜਿਸ ਕਰਕੇ ਇੱਥੇ ਹੈਜ਼ਾ ਫੈਲ ਰਿਹਾ ਹੈ। ਕਿਉਂਕਿ ਇੱਥੋਂ ਨੇੜਲੇ ਸਾਰੇ ਇਲਾਕਿਆਂ ਵਿੱਚ ਪਾਣੀ ਦੀ ਸਪਲਾਈ ਲਾਈਨ ਦੀ ਜਾਂਚ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਬਲਟਾਣਾ ਵਿਖੇ ਪਿਛਲੀ ਸਰਕਾਰ ਵੱਲੋਂ ਪਾਣੀ ਅਤੇ ਸੀਵਰੇਜ਼ ਦੀਆਂ ਪਾਇਪਾਂ ਨੂੰ ਸਹੀ ਢੰਗ ਨਾਲ ਨਹੀਂ ਵਿਛਾਇਆ ਗਿਆ, ਜਿਸ ਕਾਰਨ ਅੱਜ ਬਲਟਾਣਾ ਵਾਸੀਆਂ ਨੂੰ ਹੈਜ਼ੇ ਵਰਗੀਆਂ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸਿਹਤ ਵਿਭਾਗ ਦੇ ਅਮਲੇ ਨੂੰ ਮਰੀਜ਼ਾਂ ਦੇ ਇਲਾਜ ਵਿੱਚ ਕੋਈ ਕਸਰ ਬਾਕੀ ਨਾ ਛੱਡਣ ਦੀ ਹਦਾਇਤ ਕਰਦਿਆਂ, ਕੈਬਨਿਟ ਮੰਤਰੀ ਨੇ ਕਿਹਾ ਕਿ ਸਿਹਤ ਵਿਭਾਗ ਦੀਆਂ ਵੱਖ ਵੱਖ ਟੀਮਾਂ ਏਕਤਾ ਵਿਹਾਰ ਵਿਖੇ ਇਸ ਬਿਮਾਰੀ ਦੇ ਫੈਲਣ ਦੇ ਪਹਿਲੇ ਦਿਨ ਤੋਂ ਤਾਇਨਾਤ ਹਨ। ਉਨ੍ਹਾਂ ਕਿਹਾ ਕਿ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਹਰ ਤਰ੍ਹਾਂ ਦੀਆਂ ਮੈਡੀਕਲ ਸਹੂਲਤਾਂ ਅਤੇ ਸਰਕਾਰ ਦੀ ਨੀਤੀ ਅਨੁਸਾਰ ਮਾਲੀ ਸਹਾਇਤਾ ਦਿੱਤੀ ਜਾਵੇਗੀ।