India International Punjab

ਵੱਡੀ ਤਬਾਹੀ ਦੇ ਸੰਕੇਤ । ਹੌਲੀ-ਹੌਲੀ ਸਮੁੰਦਰ ਵਿੱਚ ਡੁੱਬ ਰਿਹਾ ਮੁੰਬਈ

ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਗਲੋਬਲ ਵਾਰਮਿੰਗ ਕਿੰਨੀ ਖਤਰਨਾਕ ਸਾਬਿਤ ਹੋਣ ਵਾਲੀ ਹੈ, ਇਸਦਾ ਅੰਦਾਜਾ ਅਮਰੀਕੀ ਪੁਲਾੜ ਏਜੰਸੀ ਨਾਸਾ ਦੀ ਭਾਰਤ ਬਾਰੇ ਹੈਰਾਨ ਕਰਨ ਵਾਲੀ ਰਿਪੋਰਟ ਤੋਂ ਲਗਾਇਆ ਜਾ ਸਕਦਾ ਹੈ।ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਹੁਣ ਤੋਂ 8 ਦਹਾਕੇ ਬਾਅਦ 2100 ਤੱਕ ਭਾਰਤ ਦੇ 12 ਸ਼ਹਿਰ 3 ਫੁੱਟ ਪਾਣੀ ਵਿੱਚ ਡੁੱਬ ਜਾਣਗੇ।ਇਸ ਰਿਪੋਰਟ ਵਿੱਚ ਮੈਦਾਨੀ ਇਲਾਕਿਆਂ ਵਿੱਚ ਵੱਡੀ ਤਬਾਹੀ ਹੋਣ ਦਾ ਖਦਸ਼ਾ ਜਤਾਇਆ ਗਿਆ ਹੈ।ਦੱਸਿਆ ਗਿਆ ਹੈ ਕਿ ਇਹ ਸਭ ਗਲੋਬਲ ਵਾਰਮਿੰਗ ਕਾਰਨ ਧਰੁਵਾਂ ਉਤੇ ਜੰਮੀ ਹੋਈ ਬਰਫ਼ ਦੇ ਪਿਘਲਣ ਕਾਰਨ ਵਾਪਰੇਗਾ।

ਨਾਸਾ ਨੇ ਕਿਹਾ ਹੈ ਕਿ ਭਾਰਤ ਦੇ ਓਖਾ, ਮੋਰਮੁਗਾਓ, ਭਾਵਨਗਰ, ਮੁੰਬਈ, ਮੰਗਲੌਰ, ਚੇਨਈ, ਵਿਸ਼ਾਖਾਪਟਨਮ, ਤੂਤੀਕੋਰਨ, ਕੋਚੀ, ਪਰਾਦੀਪ ਅਤੇ ਕਿਦਰੋਪੋਰ ਤੱਟਵਰਤੀ ਇਲਾਕਿਆਂ ਉੱਤੇ ਗਲੋਬਲ ਵਾਰਮਿੰਗ ਕਾਰਨ ਵਧ ਅਸਰ ਹੋਵੇਗਾ।ਪੱਛਮੀ ਬੰਗਾਲ ਦਾ ਕਿਦਰੋਪੋਰ ਖੇਤਰ, ਜਿੱਥੇ ਪਿਛਲੇ ਸਾਲ ਤੱਕ ਸਮੁੰਦਰ ਦਾ ਪੱਧਰ ਵਧਣ ਦਾ ਕੋਈ ਖਤਰਾ ਨਹੀਂ ਹੈ, ਉੱਥੇ ਵੀ ਸਾਲ 2100 ਤੱਕ ਅੱਧਾ ਫੁੱਟ ਪਾਣੀ ਦਾ ਪੱਧਰ ਵਧ ਜਾਵੇਗਾ।

ਦਰਅਸਲ, ਨਾਸਾ ਨੇ ਇੱਕ ਸਮੁੰਦਰ ਦੇ ਪੱਧਰ ਦਾ ਪ੍ਰੋਜੈਕਸ਼ਨ ਟੂਲ ਬਣਾਇਆ ਹੈ।ਇਹ ਲੋਕਾਂ ਨੂੰ ਸਮੇਂ ਸਿਰ ਬਾਹਰ ਕੱਢਣ ਅਤੇ ਸਮੁੰਦਰੀ ਤੱਟਾਂ ‘ਤੇ ਆਫ਼ਤ ਤੋਂ ਲੋੜੀਂਦੇ ਪ੍ਰਬੰਧ ਕਰਨ ਵਿੱਚ ਸਹਾਇਤਾ ਕਰੇਗਾ।ਜਲਵਾਯੂ ਤਬਦੀਲੀ ਬਾਰੇ ਅੰਤਰ -ਸਰਕਾਰੀ ਪੈਨਲ (ਆਈਪੀਸੀਸੀ) ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਨਾਸਾ ਨੇ ਸਮੁੰਦਰ ਵਿੱਚ ਕਈ ਸ਼ਹਿਰਾਂ ਦੇ ਡੁੱਬਣ ਦੀ ਚਿਤਾਵਨੀ ਦਿੱਤੀ ਹੈ। ਇਹ ਆਈਪੀਸੀਸੀ ਦੀ ਛੇਵੀਂ ਮੁਲਾਂਕਣ ਰਿਪੋਰਟ ਹੈ, ਜੋ 9 ਅਗਸਤ ਨੂੰ ਜਾਰੀ ਕੀਤੀ ਗਈ ਸੀ।

ਸਾਲ 2100 ਤੱਕ ਵਿਸ਼ਵ ਦਾ ਤਾਪਮਾਨ ਕਾਫੀ ਵਧਣ ਦੇ ਆਸਾਰ ਹਨ।ਲੋਕਾਂ ਨੂੰ ਭਿਆਨਕ ਗਰਮੀ ਸਹਿਣੀ ਪਵੇਗੀ। ਜੇ ਕਾਰਬਨ ਦੇ ਨਿਕਾਸ ਅਤੇ ਪ੍ਰਦੂਸ਼ਣ ਨੂੰ ਨਾ ਰੋਕਿਆ ਗਿਆ ਤਾਂ ਤਾਪਮਾਨ ਔਸਤਨ 4.4 ਡਿਗਰੀ ਸੈਲਸੀਅਸ ਵਧੇਗਾ।ਅਗਲੇ ਦੋ ਦਹਾਕਿਆਂ ਵਿੱਚ ਤਾਪਮਾਨ ਵਿੱਚ 1.5 ਡਿਗਰੀ ਸੈਲਸੀਅਸ ਦਾ ਵਾਧਾ ਹੋਵੇਗਾ। ਜੇ ਪਾਰਾ ਇਸ ਗਤੀ ਨਾਲ ਵਧਦਾ ਹੈ ਤਾਂ ਗਲੇਸ਼ੀਅਰ ਵੀ ਪਿਘਲ ਜਾਣਗੇ ਤੇ ਮੈਦਾਨੀ ਇਲਾਕਿਆਂ ਨੂੰ ਪਾਣੀ ਦੀ ਵੱਡੀ ਮਾਰ ਸਹਿਣੀ ਪਵੇਗੀ।