Punjab

ਸਿੱਧੂ ਨੂੰ ਪਹਿਲਾ ਝਟਕਾ, ਜ਼ਿੰਮੇਵਾਰੀ ਸਾਂਭਣ ਤੋਂ ਪਹਿਲਾਂ ਹੀ ਕਿਸਨੇ ਛੱਡਿਆ ਅਹੁਦਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵੱਲੋਂ ਕੱਲ੍ਹ ਨਿਯੁਕਤ ਕੀਤੇ ਗਏ ਚਾਰ ਸਲਾਹਕਾਰਾਂ ਵਿੱਚੋਂ ਇੱਕ ਨੇ ਆਪਣੇ ਪੈਰ ਪਿੱਛੇ ਖਿੱਚ ਲਏ ਹਨ। ਸਿੱਧੂ ਵੱਲੋਂ ਨਿਯੁਕਤ ਕੀਤੇ ਗਏ ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ ਨੇ ਸਿੱਧੂ ਦਾ ਸਲਾਹਕਾਰ ਬਣਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਪਿੱਛੇ ਉਨ੍ਹਾਂ ਨੇ ਸਿਆਸਤ ਨਾਲ ਦੂਰੀ ਬਣਾਏ ਰੱਖਣ ਦਾ ਕਾਰਨ ਦੱਸਦਿਆਂ ਕਿਹਾ ਕਿ ਉਹ ਕਿਸੇ ਵੀ ਸਿਆਸੀ ਅਹੁਦੇ ‘ਤੇ ਕੰਮ ਨਹੀਂ ਕਰ ਸਕਦੇ। ਮੁਸਤਫ਼ਾ ਨੇ ਕਿਹਾ ਕਿ ਉਹ ਨਵਜੋਤ ਸਿੱਧੂ ਦੇ ਧੰਨਵਾਦੀ ਹਨ, ਜਿਹਨਾਂ ਨੇ ਉਹਨਾਂ ਨੂੰ ਇਹ ਪੇਸ਼ਕਸ਼ ਕੀਤੀ ਹੈ ਪਰ ਉਹ ਇਸ ਅਹੁਦੇ ਨੁੰ ਸਵੀਕਾਰ ਨਹੀਂ ਕਰ ਸਕਦੇ। 

ਦਰਅਸਲ, ਕੱਲ੍ਹ ਆਪਣੇ ਚਾਰ ਸਲਾਹਕਾਰ ਨਿਯੁਕਤ ਕੀਤੇ ਸਨ, ਜਿਨ੍ਹਾਂ ਵਿੱਚ ਲੋਕ ਸਭਾ ਮੈਂਬਰ ਡਾ.ਅਮਰ ਸਿੰਘ, ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ, ਮਾਲਵਿੰਦਰ ਸਿੰਘ ਮਾਲੀ ਅਤੇ ਡਾ.ਪਿਆਰੇ ਲਾਲ ਗਰਗ ਸ਼ਾਮਿਲ ਹਨ। ਸਿੱਧੂ ਨੇ ਇਹ ਸਲਾਹਕਾਰ ਕਿਸੇ ਵੀ ਮੁੱਦੇ ‘ਤੇ ਸਲਾਹ-ਮਸ਼ਵਰਾ ਕਰਨ ਲਈ ਨਿਯੁਕਤ ਕੀਤੇ ਹਨ।

ਕਿਤਾਬ ‘ਪੰਜਾਬ ਦਾ ਬੁੱਚੜ ਕੇ.ਪੀ.ਐੱਸ ਗਿੱਲ’ ਦੇ ਲੇਖਕ ਸਰਬਜੀਤ ਸਿੰਘ ਘੁਮਾਣ ਨੇ ਇਸ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਮੁਹੰਮਦ ਮੁਸਤਫ਼ਾ ਵੀ ਸਿੱਖ ਕਤਲੇਆਮ ਕਰਨ ਵਾਲਿਆਂ ਦੇ ਨਾਲ ਰਿਹਾ ਸੀ। ਮੁਸਤਫ਼ਾ ਨੇ ਸਿੱਖਾਂ ਦੇ ਝੂਠੇ ਮੁਕਾਬਲੇ ਬਣਾ ਕੇ ਲਾਸ਼ਾਂ ਦੇ ਢੇਰ ਲਾਏ ਸਨ। ਸਿੱਧੂ ਨੇ ਇਸਨੂੰ ਆਪਣਾ ਸਲਾਹਕਾਰ ਬਣਾਉਣ ਦਾ ਐਲਾਨ ਕੀਤਾ ਹੈ, ਕੀ ਪਤਾ ਕਦੋਂ ਇਹ ਵੀ ਖ਼ਬਰ ਮਿਲ ਜਾਵੇ ਕਿ ਸੈਣੀ ਨੂੰ ਪਾਰਟੀ ਦਾ ਮੀਤ ਪ੍ਰਧਾਨ ਐਲਾਨਿਆ ਗਿਆ ਹੈ। ਘੁਮਾਣ ਨੇ ਇਸ ਗੱਲ ਦਾ ਵਿਰੋਧ ਕੀਤਾ ਹੈ ਕਿ ਸਿੱਧੂ ਵੱਲੋਂ ਉਸ ਸ਼ਖ਼ਸ ਨੂੰ ਆਪਣਾ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ, ਜੋ ਸਿੱਖ ਕਤਲੇਆਮ ਵਿੱਚ ਪੂਰਾ ਭਾਗੀਦਾਰ ਸੀ।