‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਦਾਦੂਵਾਲ ਬੀਜੇਪੀ ਦੇ ਨਾਲ ਮਿਲੇ ਹੋਏ ਹਨ। ਦਾਦੂਵਾਲ ਨੇ ਕਿਸਾਨੀ ਅੰਦੋਲਨ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਦਾਦੂਵਾਲ ਨੇ ਅੰਦੋਲਨ ਨੂੰ ਖ਼ਰਾਬ ਕਰਨ ਵਾਸਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਨਾਲ ਮੁਲਾਕਾਤ ਕੀਤੀ ਹੈ। ਦਾਦੂਵਾਲ ਨੇ ਵਿਜੇ ਸਾਂਪਲਾ ਦਾ ਵਿਰੋਧ ਕਰਨ ਵਾਲੇ ਕਰੀਬ 600 ਕਿਸਾਨਾਂ ਦੇ ਖ਼ਿਲਾਫ ਕੇਸ ਦਰਜ ਕਰਵਾਇਆ ਹੈ। ਦਾਦੂਵਾਲ ਨੇ ਵਿਜੇ ਸਾਂਪਲਾ ਨੂੰ 31 ਜੁਲਾਈ ਨੂੰ ਆਪਣੇ ਪਿੰਡ ਵਿੱਚ ਬੁਲਾਇਆ ਸੀ, ਜਿਸਦਾ ਕਿਸਾਨਾਂ ਨੇ ਵਿਰੋਧ ਕੀਤਾ ਸੀ।
ਬਲਜੀਤ ਸਿੰਘ ਦਾਦੂਵਾਲ ਨੇ ਚੜੂਨੀ ਨੂੰ ਜਵਾਬ ਦਿੰਦਿਆਂ ਕਿਹਾ ਕਿ ਜਿਸ ਤਰ੍ਹਾਂ ਚੜੂਨੀ ਨੇ ਪਾਰਟੀ ਬਣਾ ਕੇ ਪੰਜਾਬ ਦੇ ਸੀਐੱਮ ਦਾ ਚਿਹਰਾ ਬਣਨ ਵਾਸਤੇ ਐਲਾਨ ਕੀਤਾ ਹੈ, ਉਸ ਤੋਂ ਉਨ੍ਹਾਂ ਦੀ ਸਾਰੀ ਮਨਸ਼ਾ ਸਾਹਮਣੇ ਆ ਗਈ ਹੈ ਕਿ ਉਹ ਬਾਦਲਾਂ ਦੇ ਹੱਥ-ਠੋਕੇ ਬਣ ਕੇ ਨਾਲੇ ਤਾਂ ਮੋਰਚੇ ਨੂੰ ਖ਼ਰਾਬ ਕਰ ਰਹੇ ਹਨ ਅਤੇ ਜੋ ਬਾਦਲਾਂ ਦੇ ਖ਼ਿਲਾਫ ਹਨ, ਉਨ੍ਹਾਂ ਨੂੰ ਡੈਮੇਜ (damage) ਕਰ ਰਹੇ ਹਨ। ਬਾਦਲ ਹਰਿਆਣਾ ਵਿੱਚ ਮੇਰਾ ਧਰਮ ਪ੍ਰਚਾਰ ਕਰਨ ਦਾ ਰਾਹ ਰੋਕਣਾ ਚਾਹੁੰਦੇ ਸਨ ਪਰ ਉਹ ਆਪਣੀ ਚਾਲ ਵਿੱਚ ਸਫ਼ਲ ਨਹੀਂ ਹੋ ਸਕੇ, ਜਿਸ ਤੋਂ ਬਾਅਦ ਉਨ੍ਹਾਂ ਨੇ ਚੜੂਨੀ ਨੂੰ ਆਪਣਾ ਨਵਾਂ ਹੱਥ-ਠੋਕਾ ਬਣਾਇਆ ਹੈ। ਸਿਰਸਾ ਵਿੱਚ ਜੋ ਬੰਦੇ ਚੜੂਨੀ ਦੇ ਸਬੰਧ ਵਿੱਚ ਹਨ, ਜਿਨ੍ਹਾਂ ਨੇ ਵਿਜੇ ਸਾਂਪਲਾ ਦਾ ਵਿਰੋਧ ਕੀਤਾ ਸੀ, ਉਹ ਬਾਦਲਾਂ ਦੇ ਅਧੀਨ ਹਨ। ਉਨ੍ਹਾਂ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਕਿਸੇ ਵੀ ਕਿਸਾਨ ਦੇ ਖ਼ਿਲਾਫ਼ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ। ਬਾਦਲ ਚੜੂਨੀ ਨੂੰ ਹਰਿਆਣਾ ਅਤੇ ਪੰਜਾਬ ਵਿੱਚ ਵਰਤ ਰਹੇ ਹਨ। ਮੈਂ ਤਾਂ ਕਿਸਾਨੀ ਅੰਦੋਲਨ ਦੇ ਹੱਕ ਵਿੱਚ ਹਾਂ ਅਤੇ ਮੈਂ ਵੀ ਚਾਹੁੰਦਾ ਹਾਂ ਕਿ ਸਰਕਾਰ ਖੇਤੀ ਕਾਨੂੰਨ ਰੱਦ ਕਰੇ। ਚੜੂਨੀ ਬਾਦਲਾਂ ਨੂੰ ਸੱਤਾ ਵਿੱਚ ਲਿਆਉਣ ਲਈ ਕੰਮ ਕਰ ਰਿਹਾ ਹੈ।