Punjab

ਕੋਰੋਨਾ ਦੀ ਸਕੂਲਾਂ ‘ਚ ਦਸਤਕ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੋਰੋਨਾ ਮਹਾਂਮਾਰੀ ਦੇ ਲੰਮੇ ਅਰਸੇ ਤੋਂ ਬਾਅਦ ਜੇ ਸਕੂਲ ਮੁੜ ਖੁੱਲ੍ਹਣ ਜਾ ਰਹੇ ਸਨ ਤਾਂ ਕੋਰੋਨਾ ਦਾ ਸਾਇਆ ਫਿਰ ਤੋਂ ਸਕੂਲਾਂ ‘ਤੇ ਪੈ ਰਿਹਾ ਹੈ। ਲੁਧਿਆਣਾ ਤੋਂ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਸਕੂਲ ਵਿੱਚੋਂ ਅੱਠ ਵਿਦਿਆਰਥੀ ਕੋਰੋਨਾ ਪਾਜ਼ੀਵਿਟ ਪਾਏ ਗਏ ਹਨ। ਲੁਧਿਆਣਾ ਦੇ ਬਸਤੀ ਜੋਧੇਵਾਲ ਦੇ ਸਰਕਾਰੀ ਸਕੂਲ ਵਿੱਚ 8 ਬੱਚੇ ਕੋਰੋਨਾ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਸਕੂਲ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਹੈ। ਸਾਰੇ ਬੱਚੇ ਇੱਕੋ ਜਮਾਤ ਦੇ ਦੱਸੇ ਜਾ ਰਹੇ ਹਨ। ਸਿਹਤ ਵਿਭਾਗ ਦੇ ਅਧਿਕਾਰੀਆਂ ਅਨੁਸਾਰ 40 ਵਿਦਿਆਰਥੀਆਂ ਦੇ ਕੋਵਿਡ ਨਮੂਨੇ ਲਏ ਗਏ ਸਨ, ਜਿਨ੍ਹਾਂ ਵਿੱਚੋਂ ਅੱਠ ਵਿਦਿਆਰਥੀਆਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ।

ਵਿਦਿਆਰਥੀਆਂ ਦੇ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਪ੍ਰਸ਼ਾਸਨ ਨੇ ਲੁਧਿਆਣਾ ਦੇ ਜੋਧੇਵਾਲ ਸਕੂਲ ਨੂੰ 24 ਅਗਸਤ ਤੱਕ ਬੰਦ ਕਰ ਦਿੱਤਾ ਗਿਆ ਹੈ। ਇਸ ਦੌਰਾਨ ਸਾਰੇ ਵਿਦਿਆਰਥੀਆਂ ਅਤੇ ਸਟਾਫ਼ ਦਾ ਸਕੂਲ ਵਿੱਚ ਹੀ ਕੋਰੋਨਾ ਟੈਸਟ ਕੀਤਾ ਜਾਵੇਗਾ।

ਜਾਣਕਾਰੀ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ 41 ਟੈਸਟ ਲਏ ਗਏ ਸਨ, ਜਿਨ੍ਹਾਂ ਵਿੱਚੋਂ 8 ਵਿਦਿਆਰਥੀ ਪਾਜ਼ੀਟਿਵ ਪਾਏ ਗਏ ਹਨ। ਸਕੂਲ ਦੇ ਪ੍ਰਿੰਸੀਪਲ ਰਾਜੇਸ਼ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਵਿੱਚ ਛੇਵੀਂ ਤੋਂ 12 ਵੀਂ ਜਮਾਤ ਤੱਕ ਕਰੀਬ 2200 ਵਿਦਿਆਰਥੀ ਹਨ। ਇੱਥੇ 700 ਪ੍ਰਾਇਮਰੀ ਸਕੂਲ ਦੇ ਬੱਚੇ ਪੜ੍ਹਦੇ ਹਨ। ਇਸ ਦੇ ਨਾਲ ਹੀ ਨਰਸਰੀ ਤੋਂ 5ਵੀਂ ਜਮਾਤ ਤੱਕ 700 ਬੱਚੇ ਅਤੇ 6ਵੀਂ ਤੋਂ 10ਵੀਂ ਤੱਕ ਦੇ 500 ਬੱਚੇ ਕੈਲਾਸ਼ ਨਗਰ ਹਾਈ ਸਕੂਲ ਵਿੱਚ ਪੜ੍ਹਦੇ ਹਨ।

ਇੱਕ ਹੋਰ ਸਰਕਾਰੀ ਹਾਈ ਸਕੂਲ ਕੈਲਾਸ਼ ਨਗਰ ਦੇ 12 ਵਿਦਿਆਰਥੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਸਿਹਤ ਵਿਭਾਗ ਵੱਲੋਂ ਸਕੂਲਾਂ ਵਿੱਚ ਰੈਪਿਡ ਟੈਸਟਿੰਗ ਦੌਰਾਨ ਇਹ ਰਿਪੋਰਟ ਸਾਹਮਣੇ ਆਈ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 24 ਅਗਸਤ ਤੱਕ ਸਕੂਲ ਨੂੰ ਬੰਦ ਰੱਖਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਹ ਵੀ ਕਿਹਾ ਗਿਆ ਕਿ ਵਿਦਿਆਰਥੀ ਅਤੇ ਅਧਿਆਪਕ ਦੇ ਟੈਸਟ ਸਬੰਧੀ ਸਕੂਲ ਵਿੱਚ ਆ ਸਕਦੇ ਹਨ।