Punjab

ਪੰਜਾਬ ‘ਚ ਹਾਈਅਲਰਟ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਡਾਲੇਕੇ ਅਤੇ ਅਟਾਰੀ ਦੇ ਪਿੰਡ ਬੱਚੀਵਿੰਡ ਵਿੱਚ ਟਿਫ਼ਿਨ ਬੰ ਬ ਮਿਲਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਅਲਰਟ ‘ਤੇ ਹੈ। ਇਸਦੇ ਦੇ ਚੱਲਦਿਆਂ ਪੰਜਾਬ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਵਿੱਚ ਥਾਂ-ਥਾਂ ‘ਤੇ ਪੁਲਿਸ ਨਾਕੇ ਲਗਾਏ ਗਏ ਹਨ। ਐੱਸਐੱਸਪੀਜ਼ ਨਾਲ ਐੱਸਪੀ ਪੱਧਰ ਦੇ 22 ਅਧਿਕਾਰੀ ਤਾਇਨਾਤ ਕੀਤੇ ਗਏ ਹਨ। ਪੁਲਿਸ ਵੱਲੋਂ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ।

ਧਰਮਕੋਟ ਦੇ ਡੀਐੱਸਪੀ ਸੁਬੇਗ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਡੀਜੀਪੀ ਦਿਨਕਰ ਗੁਪਤਾ ਅਤੇ ਐੱਸਅੱਸਪੀ ਹਰਮਨਬੀਰ ਸਿੰਘ ਗਿੱਲ ਦੀਆਂ ਹਦਾਇਤਾਂ ਉੱਤੇ ਵਿਸੇਸ਼ ਨਾਕਾਬੰਦੀ ਕਰਕੇ ਵਾਹਨਾ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਖੇਤਰ ਵਿੱਚ ਸਤਲੁਜ ਦਰਿਆ ਤੇ ਹੋਰ ਕਈ ਅਹਿਮ ਸਥਾਨਾ ਉੱਤੇ ਗਸ਼ਤ ਤੇਜ਼ ਕਰ ਦਿੱਤੀ ਗਈ ਹੈ। ਸੂਬੇ ’ਚ ਹਾਈਅਲਰਟ ਦੌਰਾਨ ਆਜ਼ਾਦੀ ਦਿਹਾੜੇ ’ਤੇ ਸੁਰੱਖਿਆ ਦੀ ਪੁਖ਼ਤਾ ਵਿਵਸਥਾ ਕੀਤੀ ਜਾ ਰਹੀ ਹੈ ਅਤੇ ਸ਼ੱਕੀ ਲੋਕਾਂ ਦੀ ਗਤੀਵਿਧੀ ਉੱਤੇ ਨਜ਼ਰ ਰੱਖਣ ਲਈ ਪੁਲੀਸ ਅਤੇ ਖੁਫੀਆ ਏਜੰਸੀਆਂ ਸੁਚੇਤ ਹੋ ਗਈਆਂ ਹਨ। ਏਅਰਪੋਰਟ, ਬੱਸ ਅੱਡਿਆਂ ਅਤੇ ਹੋਰ ਭੀੜ-ਭੜੱਕੇ ਵਾਲੀਆਂ ਜਨਤਕ ਥਾਂਵਾਂ, ਸਥਾਨਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਗਸ਼ਤ ਤੇਜ਼ ਕਰਨ ਤੋਂ ਇਲਾਵਾ ਸੂਬਾ ਭਰ ’ਚ ਪੁਲਿਸ ਵੱਲੋਂ ਅੰਤਰ-ਜ਼ਿਲ੍ਹਾ ਹੱਦਾਂ ਉੱਤੇ ਨਾਕੇ ਲਗਾਏ ਗਏ ਹਨ ਅਤੇ ਹਰ ਸ਼ੱਕੀ ਵਾਹਨ ਦੀ ਤਲਾਸ਼ੀ ਲਈ ਜਾ ਰਹੀ ਹੈ।

ਪੁਲਿਸ ਵੱਲੋਂ ਜਾਰੀ ਹਦਾਇਤਾਂ :

  • ਬੱਚਿਆਂ ਲਈ ਲਾਵਾਰਿਸ ਰੱਖਿਆ ਗਿਆ ਲੰਚ ਬਾਕਸ ਬੰਬ ਹੋ ਸਕਦਾ ਹੈ।
  • ਕਾਰਟੂਨ ਬਣੇ ਹੋਏ ਚਮਕਦਾਰ ਬ੍ਰਾਂਡਿਡ ਟਿਫਿਨ ਬਾਕਸ ਤੋਂ ਸਾਵਧਾਨ ਰਹੋ।
  • ਜੇ ਤੁਸੀਂ ਕੋਈ ਹੈਰਾਨੀਜਨਕ ਵਸਤੂ ਵੇਖਦੇ ਹੋ, ਤਾਂ ਇਸ ਨੂੰ ਨਾ ਛੂਹੋ।
  • ਜੇਕਰ ਕੋਈ ਸ਼ੱਕੀ ਜਾਂ ਲਾਵਾਰਿਸ ਚੀਜ਼ ਦਿਖਾਈ ਦਿੰਦੀ ਹੈ, ਤਾਂ ਇਸਦੀ ਸੂਚਨਾ ਪੁਲਿਸ ਨੂੰ ਦਿਓ।