‘ਦ ਖ਼ਾਲਸ ਬਿਊਰੋ :- ਅੱਜ ਕਿਸਾਨ ਸੰਸਦ ਦਾ 13ਵਾਂ ਦਿਨ ਸੀ। ਅੱਜ ਕਿਸਾਨ ਬੀਬੀਆਂ ਨੇ ਕਿਸਾਨ ਸੰਸਦ ਵਿੱਚ ਹਿੱਸਾ ਲਿਆ। ਔਰਤਾਂ ਨੇ ਕਿਸਾਨ ਸੰਸਦ ਵਿੱਚ ਜਾ ਕੇ ਕਾਲੇ ਖੇਤੀ ਕਾਨੂੰਨਾਂ ਦੀ ਗਹਿਰਾਈ ਨੂੰ ਦੱਸਿਆ ਕਿ ਇਹ ਕਿਸ ਤਰ੍ਹਾਂ ਕਿਸਾਨਾਂ ਦੇ ਘਰ ਨੂੰ ਬਰਬਾਦ ਕਰ ਸਕਦੇ ਹਨ। ਇਹ ਤਿੰਨ ਕਾਲੇ ਕਾਨੂੰਨ ਜੇ ਰੱਦ ਨਾ ਹੋਏ ਤਾਂ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਲਈ ਬਹੁਤ ਹੀ ਜਿਆਦਾ ਵਿਨਾਸ਼ਕਾਰੀ ਸਾਬਿਤ ਹੋਣਗੇ।
ਕਿਸਾਨ ਲੀਡਰ ਬੂਟਾ ਸਿੰਘ ਸ਼ਾਦੀਪੁਰ ਨੇ ਕਿਹਾ ਕਿ ਔਰਤਾਂ ਨੇ ਅੱਜ ਦੀ ਸੰਸਦ ਬਹੁਤ ਸਹੀ ਢੰਗ ਨਾਲ ਚਲਾਈ। ਉਨ੍ਹਾਂ ਨੇ ਇਕੱਲੇ-ਇਕੱਲੇ ਮੁੱਦੇ ਨੂੰ ਬਹੁਤ ਨੀਝ ਦੇ ਨਾਲ ਵਾਚਿਆ। ਉਨ੍ਹਾਂ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਇਹ ਗੱਲ ਦੱਸੀ ਹੈ ਕਿ ਅਸੀਂ ਸਿਰਫ਼ ਘਰਾਂ ਵਿੱਚ ਭਾਂਡੇ ਮਾਂਜਣ ਜਾਂ ਰੋਟੀਆਂ ਬਣਾਉਣ ਵਾਲੀਆਂ ਨਹੀਂ ਹਾਂ, ਅਸੀਂ ਰਾਜਨੀਤਿਕ ਤੌਰ ‘ਤੇ ਵੀ ਸਾਰਾ ਕੰਮ ਕਰਨਾ ਜਾਣਦੀਆਂ ਹਾਂ। ਅੱਜ ਤੋਂ ਬਾਅਦ ਸਾਡਾ ਨਾਅਰਾ ਇਹ ਹੋਵੇਗਾ ਕਿ ‘ਕਾਰਪੋਰੇਟ ਘਰਾਣੇ ਖੇਤੀ ਛੱਡੋ ਤੇ ਮੋਦੀ ਤੁਸੀਂ ਗੱਦੀ ਛੱਡੋ।’ ਸਰਕਾਰ ਨੂੰ ਕਿਸਾਨ ਸੰਸਦ ਤੋਂ ਆਪਣੀ ਸੰਸਦ ਚਲਾਉਣੀ ਸਿੱਖਣੀ ਚਾਹੀਦੀ ਹੈ। ਕੇਂਦਰ ਸਰਕਾਰ ਦੇ ਕਾਲੇ ਖੇਤੀ ਕਾਨੂੰਨਾਂ ਨੂੰ ਅੱਜ ਅਸੀਂ ਆਪਣੀ ਸੰਸਦ ਵਿੱਚ ਰੱਦ ਕਰਕੇ ਜਾ ਰਹੇ ਹਾਂ।